ਨਵੀਂ ਦਿੱਲੀ: ਝਾਰਖੰਡ ਸਰਕਾਰ ਨੇ ਇੱਕੋ ਵਾਰ ਵਿੱਚ 25 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨਿੱਜੀ ਖੇਤਰ ਵਿੱਚ ਨੌਕਰੀ ਦੇਣ ਦੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਸ਼ੁੱਕਰਵਾਰ ਨੂੰ ਰਾਂਚੀ ਵਿੱਚ ਸਕਿੱਲ ਸਮਿਟ ਕਰਵਾਇਆ ਗਿਆ। ਇਸ ਦੌਰਾਨ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ।


ਮੁੱਖ ਮੰਤਰੀ ਰਘੂਵਰ ਦਾਸ ਨੇ ਸਕਿਲ ਸਮਿਟ ਦੇ ਉਦਘਾਟਨ ਸਮਾਰੋਹ ਦੌਰਾਨ ਬੋਲਦੇ ਹੋਏ ਕਿਹਾ ਕਿ ਅੱਜ ਕੱਲ੍ਹ ਝਾਰਖੰਡ ਦੀ ਵਿਕਾਸ ਦਰ 8.6 ਫ਼ੀ ਸਦੀ ਹੈ। ਉਨ੍ਹਾਂ ਦੱਸਿਆ ਕਿ ਝਾਰਖੰਡ ਦੇਸ਼ ਵਿੱਚ ਦੂਜੇ ਨੰਬਰ 'ਤੇ ਹੈ। ਇਸ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਜੈਅੰਤ ਸਿਨ੍ਹਾ ਅਤੇ ਬਾਲੀਵੁੱਡ ਦੇ ਕਈ ਕਲਾਕਾਰ ਮੌਜੂਦ ਸਨ।

ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ- ਝਾਰਖੰਡ ਵਿੱਚ ਪਾਲੀ ਫਾਈਬਰ ਬਣਾਵਾਂਗੇ ਅਤੇ ਪੌਲੀਸਟਰ ਵੀ ਬਣਾਇਆ ਜਾਵੇਗਾ। ਝਾਰਖੰਡ ਨੂੰ ਟੈਕਸਟਾਈਲ ਹੱਬ ਬਣਾਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ 25 ਹਜ਼ਾਰ ਤੋਂ ਵੱਧ ਲੋਕਾਂ ਨੂੰ ਨਿਯੁਕਤੀ ਪੱਤਰ ਦੇ ਕੇ ਰਿਕਾਰਡ ਬਣਾਉਣਾ ਵੱਡੀ ਗੱਲ ਹੈ।

ਜੈਅੰਤ ਸਿਨ੍ਹਾ ਨੇ ਇਸ ਮੌਕੇ 'ਤੇ ਰਾਂਚੀ ਵਿੱਚ ਨਵਾਂ ਏਅਰਪੋਰਟ ਟਰਮੀਨਲ ਬਣਾਉਣ ਦੀ ਵੀ ਗੱਲ ਆਖੀ। ਉਨ੍ਹਾਂ ਕਿਹਾ ਕਿ ਟਰਮੀਨਲ ਨੂੰ ਸਿੰਗਾਪੁਰ ਨਾਲ ਜੋੜਿਆ ਜਾਵੇਗਾ।