ਚੰਡੀਗੜ੍ਹ: ਸਥਾਨਕ ਰਾਮਦਰਬਾਰ ਫੇਜ਼-2 ਸਥਿਤ ਸਬਜ਼ੀ ਮੰਡੀ ਵਿੱਚ ਸ਼ਨੀਵਾਰ ਸਵੇਰੇ ਤਿੰਨ ਜ਼ਿੰਦਾ ਬੰਬ ਮਿਲਣ ਨਾਲ ਆਸ-ਪਾਸ ਦੇ ਇਲਾਕੇ ਵਿੱਚ ਹੜਕੰਪ ਮੱਚ ਗਿਆ। ਪੁਲਿਸ ਨੇ ਸ਼ੁਰੂਆਤੀ ਜਾਂਚ ਕਰਕੇ ਹਵਾਈ ਫੌਜ ਨੂੰ ਇਸ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਦਿਆਂ ਹੀ ਹਵਾਈ ਫੌਜ ਨੇ ਤਿੰਨਾਂ ਬੰਬਾਂ ਨੂੰ ਕਬਜ਼ੇ ਵਿੱਚ ਲੈ ਕੇ ਉਸ ਨੂੰ ਜ਼ਮੀਨ ਵਿੱਚ ਦੱਬ ਦਿੱਤਾ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਬੰਬ ਮਿਲਣ ਵੇਲੇ ਮੌਕੇ 'ਤੇ ਮੌਜੂਦ ਚਸ਼ਮਦੀਦ ਵਿਕਰਮ ਠਾਕੁਰ ਨੇ ਦੱਸਿਆ ਕਿ ਸਵੇਰੇ ਰਾਮਦਰਬਾਰ ਫੇਜ਼- ਗਰਾਊਂਡ ਵਿੱਚ ਸਫਾਈ ਚੱਲ ਰਹੀ ਸੀ ਤਾਂ ਸਫ਼ਾਈ ਕਰਮਚਾਰੀਆਂ ਨੂੰ ਅਚਾਨਕ ਇੱਕ ਬੰਬ ਦਿੱਸਿਆ। ਕੁਝ ਹੀ ਦੇਰ ਵਿੱਚ ਇੱਕੋ ਤਰ੍ਹਾਂ ਦੇ ਤਿੰਨ ਬੰਬ ਮਿਲੇ। ਇਸ ਪਿੱਛੋਂ ਉਨ੍ਹਾਂ ਆਸ-ਪਾਸ ਦੇ ਲੋਕਾਂ ਨੂੰ ਦੱਸਿਆ ਤੇ ਤੁਰੰਤ ਪੁਲਿਸ ਨੂੰ ਸੂਚਨਾ ਭੇਜੀ।

ਪੁਲਿਸ ਦਾ ਕਹਿਣਾ ਹੈ ਕਿ ਬੰਬ ਏਅਰ ਫੋਰਸ ਦੇ ਹਵਾਲੇ ਕਰ ਦਿੱਤੇ ਗਏ ਹਨ। ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਆਖ਼ਰ ਬੰਬ ਉੱਥੇ ਕਿਵੇਂ ਪਹੁੰਚੇ। ਫੌਰੈਂਸਿਕ ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਦੀ ਆਵਾਜਾਈ ਦੇ ਚੱਲਦਿਆਂ ਤਿੰਨਾਂ ਬੰਬਾਂ ਨੂੰ ਜ਼ਮੀਨ ਵਿੱਚ ਦੱਬ ਦਿੱਤਾ ਗਿਆ ਹੈ। ਟੀਮ ਆਪਣੇ ਪੱਧਰ 'ਤੇ ਵੀ ਇਸ ਦੀ ਜਾਂਚ ਕਰ ਰਹੀ ਹੈ।