ਅੰਮ੍ਰਿਤਸਰ: ਭਾਰਤੀ ਸੁਤੰਤਰਤਾ ਸੰਗਰਾਮ ਦੀਆਂ ਦਰਦਨਾਕ ਘਟਨਾਵਾਂ ਵਿੱਚੋਂ ਇੱਕ ਘਟਨਾ ਜੱਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਨੂੰ ਅੱਜ 100 ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਪੂਰਾ ਦੇਸ਼ ਇਸ ਖ਼ੂਨੀ ਘਟਨਾ ਵਿੱਚ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਇਸ ਮੌਕੇ ਤੁਹਾਨੂੰ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਦੀ ਖ਼ੂਨੀ ਸਾਕੇ ਨੂੰ ਬਿਆਨ ਕਰਦੀ ਕਵਿਤਾ ਤੇ ਉਨ੍ਹਾਂ ਵੱਲੋਂ ਵੇਖਿਆ ਸਾਕੇ ਦਾ ਅੱਖੀਂ ਡਿੱਠਾ ਹਾਲ ਦੱਸਾਂਗੇ, ਜੋ ਉਨ੍ਹਾਂ ਆਪਣੀ ਕਾਵਿ ਰਚਨਾ ਦੇ ਰੂਪ 'ਚ ਦੱਸਿਆ।

'ਸਰ ਮਾਈਕਲ ਓਡਵਾਇਰ' ਸਾਹਿਬ,
ਮਾਰਸ਼ਲ ਲਾ ਦਾ ਹੁਕਮ ਚੜ੍ਹੌਣ ਲਗ ਪਏ।
ਪਕੜ ਪਕੜ ਬੇਦੋਸ਼ੇ ਆਜਜ਼ਾਂ ਨੂੰ,
ਜੇਲ੍ਹ ਖਾਨਿਆਂ ਵਿਚ ਪਹੁੰਚੌਣ ਲਗ ਪਏ।
ਹਾਇ! ਲਿਖਦਿਆਂ ਡਿਗਦੀ ਕਲਮ ਹੱਥੋਂ,
ਰੋਮ ਰੋਮ ਸੁਣ ਕੇ ਖੜੇ ਹੋਣ ਲਗ ਪਏ।
ਛੋਟੀ ਉਮਰ ਦੇ ਆਜਜ਼ਾਂ ਬੱਚਿਆਂ ਨੂੰ,
ਫੜ ਕੇ ਮੱਛੀਆਂ ਵਾਂਗ ਤੜਫੌਣ ਲਗ ਪਏ।
ਨਾਲ ਟਿਕਟਿਕੀ ਬੰਨ੍ਹ ਨਿਮਾਣਿਆਂ ਨੂੰ,
ਬੈਂਤ ਮਾਰ ਕੇ ਖੱਲ ਲਹੌਣ ਲਗ ਪਏ।


ਦੱਸਿਆ ਜਾਂਦਾ ਹੈ ਕਿ 13 ਅਪਰੈਲ 1919 ਨੂੰ ਜੱਲ੍ਹਿਆਂਵਾਲਾ ਬਾਗ ਖ਼ੂਨੇ ਸਾਕੇ 'ਚ ਜਨਰਲ ਡਾਇਰ ਨੇ ਲਗਪਗ 5:30 ਵਜੇ ਗੋਲ਼ੀ ਚਲਾਉਣ ਦਾ ਹੁਕਮ ਦਿੱਤਾ ਸੀ। ਇਸ ਪਿੱਛੋਂ ਲੋਕਾਂ ਵਿੱਚ ਭਾਜੜ ਮੱਚ ਗਈ। ਉਸ ਸਮੇਂ ਭਾਈ ਨਾਨਕ ਸਿੰਘ 21-22 ਵਰ੍ਹਿਆਂ ਦੇ ਸਨ।

ਹਾਏ! ਹਾਏ! ਡਾਇਰ ਓ ਬੇਤਰਸ ਡਾਇਰ,
ਕਾਹਨੂੰ ਆਇਓਂ ਤੂੰ ਵਿਚ ਪੰਜਾਬ ਡਾਇਰ।
ਜ਼ੁਲਮ ਕਰਦਿਆਂ ਤੈਨੂੰ ਨਾ ਤਰਸ ਆਇਆ,
ਕੀ ਤੂੰ ਪੀਤੀ ਸੀ ਓਦੋਂ ਸ਼ਰਾਬ ਡਾਇਰ?
ਲੈ ਹੁਣ ਰੱਜ ਕੇ ਪੀ ਲੈ ਲਹੂ ਸਾਡਾ,
ਅਸਾਂ ਤੇਰੇ ਲਈ ਭਰਿਆ ਤਾਲਾਬ ਡਾਇਰ।
ਜਿਵੇਂ ਮਾਰਿਆ ਈ ਅਸਾਂ ਬੇਦੋਸ਼ਿਆਂ ਨੂੰ,
ਲਵੇ ਤੈਥੋਂ ਭੀ ਰੱਬ ਹਿਸਾਬ ਡਾਇਰ।


ਘਟਨਾ ਦੌਰਾਨ ਕਈ ਲੋਕ ਗੋਲ਼ੀ ਲੱਗਣ ਕਰਕੇ ਉਨ੍ਹਾਂ ਉੱਪਰ ਡਿੱਗ ਪਏ। ਸਹਿਮੇ ਹੋਏ ਭਾਈ ਨਾਨਕ ਉਨ੍ਹਾਂ ਲਾਸ਼ਾਂ ਤੇ ਜ਼ਖ਼ਮੀਆਂ ਨਾਲ ਹੀ ਜ਼ਮੀਨ 'ਤੇ ਲੇਟੇ ਰਹੇ। ਕੁਝ ਘੰਟਿਆਂ ਮਗਰੋਂ ਕਿਸੇ ਤਰ੍ਹਾਂ ਅੰਗਰੇਜ਼ਾਂ ਦੀਆਂ ਅੱਖੋਂ ਬਚ ਕੇ ਆਪਣੇ ਘਰ ਪਹੁੰਚੇ।

ਜਾ ਕੇ ਦੇਖ ਲੌ ਜਲ੍ਹਿਆਂ ਦੇ ਬਾਗ਼ ਅੰਦਰ,
ਕੀ ਕੁਝ ਰਹੇ ਸ਼ਹੀਦ ਪੁਕਾਰ ਲੋਕੋ।
ਅਸੀਂ ਤੁਸਾਂ ਦੇ ਲਈ ਸ਼ਹੀਦ ਹੋਏ
ਸਾਰੇ ਛੱਡ ਕੇ ਬਾਗ਼ ਪਰਵਾਰ ਲੋਕੋ।
ਐਪਰ ਛੋੜ ਕੇ ਘਰਾਂ ਦੇ ਸੁਖ ਸਾਰੇ,
ਜਾਨਾਂ ਦਿਤੀਆਂ ਤੁਸਾਂ ਪਰ ਵਾਰ ਲੋਕੋ।


ਇਸ ਮਗਰੋਂ ਨਾਨਾਕ ਸਿੰਘ ਨੇ ‘ਖੂਨੀ ਵਿਸਾਖੀ’ ਕਾਵਿ ਰਚਨਾ ਰਾਹੀਂ ਸਾਕੇ ਦਾ ਸਾਰਾ ਅੱਖੀਂ ਡਿੱਠਾ ਹਾਲ ਬਿਆਨ ਕੀਤਾ। ਇਹ ਕਵਿਤਾ 1920 ਵਿੱਚ ਪਹਿਲੀ ਵਾਰ ਛਪੀ ਸੀ ਪਰ ਅੰਗਰੇਜ਼ ਹਕੂਮਤ ਨੇ ਇਸ 'ਤੇ ਰੋਕ ਲਾ ਦਿੱਤੀ ਤੇ ਇਸ ਨੂੰ ਜ਼ਬਤ ਕਰ ਲਿਆ। ਇੱਥੋਂ ਤਕ ਕਿ ਇਸ ਕਵਿਤਾ ਲਈ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ।

ਛਾਤੀ ਡਾਹ ਕੇ ਵਾਂਗਰਾਂ ਚਾਂਦ ਮਾਰੀ
ਲਈਆਂ ਗੋਲੀਆਂ ਅਸਾਂ ਸਹਾਰ ਲੋਕੋ।
ਸਾਡੇ ਸੀਨਿਆਂ ਨੂੰ ਜ਼ਰਾ ਆਣ ਵੇਖੋ
ਛੇਕ ਪਏ ਨੇ ਕਈ ਹਜ਼ਾਰ ਲੋਕੋ।
ਸਾਨੂੰ ਵਿਛੜਿਆਂ ਨੂੰ ਏਨੀ ਮੁੱਦਤ ਹੋਈ,
ਬਣੀ ਅਜੇ ਤਕ ਨਾ ਯਾਦਗਾਰ ਲੋਕੋ।
ਸਾਡੇ ਵਾਂਗ ਹੀ ਤੁਸਾਂ ਭੀ ਤਿਆਰ ਰਹਿਣਾ,
ਸਭੇ ਗ਼ਫ਼ਲਤਾਂ ਦਿਓ ਵਿਸਾਰ ਲੋਕੋ।


ਉਨ੍ਹਾਂ ਦੇ ਬੇਟੇ ਕੁਲਬੀਰ ਸਿੰਘ ਸੂਰੀ ਨੇ ਦੱਸਿਆ ਕਿ ਨਾਨਾਕ ਸਿੰਘ ਨੇ ਕਦੇ ਵੀ ਖੁੱਲ੍ਹ ਕੇ ਇਸ ਸਾਰੀ ਘਟਨਾ ਬਾਰੇ ਜ਼ਿਕਰ ਨਹੀਂ ਕੀਤਾ ਪਰ ਇਸ ਸਮੇਂ ਨੂੰ ਉਨ੍ਹਾਂ ਆਪਣੀ ਰਚਨਾ ‘ਖੂਨੀ ਵਿਸਾਖੀ’ ਵਿਚ ਬਿਆਨ ਕੀਤਾ ਹੈ। ਇਸ ਘਟਨਾ ਦਾ ਕੋਈ ਗਵਾਹ ਨਹੀਂ, ਪਰ ਉਨ੍ਹਾਂ ਦਾ ਕਵਿਤਾ ਰਹਿੰਦੀ ਦੁਨੀਆ ਤਕ ਜਲ੍ਹਿਆਂਵਾਲਾ ਬਾਗ ਦੇ ਖ਼ੂਨੇ ਸਾਕੇ ਦੀ ਗਵਾਹ ਰਹੇਗੀ।