ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਰੂਸ ਨੇ ਸਰਬਉੱਚ ਕੌਮੀ ਸਨਮਾਨ 'ਆਰਡਰ ਆਫ ਸੈਂਟ ਐਂਡਰਿਊ ਦਿ ਅਪਾਸਲ' ਦੇਣ ਦਾ ਐਲਾਨ ਕੀਤਾ ਹੈ। ਮੋਦੀ ਨੇ ਸਨਮਾਨ ਲਈ ਚੁਣੇ ਜਾਣ ਤੇ ਰੂਸ ਦੇ ਰਾਸ਼ਟਰਪਤੀ ਵਲਾਦਮਿਰ ਪੁਤਿਨ ਤੇ ਉੱਥੋਂ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ।


ਮੋਦੀ ਨੇ ਦੋਵਾਂ ਦੇਸ਼ਾਂ 'ਚ ਦੋ-ਪੱਖੀ ਤੇ ਬਹੁ-ਪੱਧਰੀ ਸਹਿਯੋਗ ਦੀਆਂ ਨਵੀਆਂ ਉਚਾਈਆਂ ਪ੍ਰਾਪਤ ਕਰਨ ਦੀ ਕਾਮਨਾ ਕੀਤੀ। ਨਰੇਂਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਇਹ ਸਨਮਾਨ ਲਈ ਚੁਣੇ ਜਾਣ 'ਤੇ ਉਹ ਮਾਣ ਮਹਿਸੂਸ ਕਰ ਰਹੇ ਹਨ।

ਉਨ੍ਹਾਂ ਲਿਖਿਆ ਕਿ ਮੈਂ ਰਾਸ਼ਟਰਪਤੀ ਪੁਤਿਨ ਤੇ ਰੂਸ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਰੂਸ ਵੱਲੋਂ ਭਾਰਤ ਤੇ ਰੂਸ ਦੇ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ 'ਚ ਅਹਿਮ ਯੋਗਦਾਨ ਪਾਉਣ ਬਦਲੇ ਮੋਦੀ ਨੂੰ ਇਸ ਸਨਮਾਨ ਲਈ ਚੁਣਿਆ ਗਿਆ। ਪਿਛਲੇ ਪੰਜ ਸਾਲਾਂ ਵਿੱਚ ਪੀਐਮ ਨਰੇਂਦਰ ਮੋਦੀ ਨੂੰ ਸੱਤਵਾਂ ਵਿਦੇਸ਼ੀ ਸਨਮਾਨ ਮਿਲਿਆ ਹੈ।