ਗੋਧਰਾ: ਗੁਜਰਾਤ ਦੇ ਗੋਧਰਾ ਕਸਬੇ ਵਿੱਚ ਕੱਲ੍ਹ ਤਿੰਨ ਮੁਸਲਿਮ ਨੌਜਵਾਨਾਂ ਦੀ ਅਣਪਛਾਤੇ ਲੜਕਿਆਂ ਨੇ ਕੁੱਟਮਾਰ ਕੀਤੀ। ਕੁੱਟਮਾਰ ਤੋਂ ਬਾਅਦ ਪੀੜਤ ਨੌਜਵਾਨ ਦੇ ਪਰਿਵਾਰ ਨੇ ਇਲਜ਼ਾਮ ਲਾਇਆ ਹੈ ਕਿ 'ਜੈ ਸ੍ਰੀ ਰਾਮ' ਕਹਿਣ ਤੋਂ ਇਨਕਾਰ ਕਰਨ 'ਤੇ ਮੁੰਡਿਆਂ ਨੂੰ ਕੁੱਟਿਆ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ 6 ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।


ਸ਼ਿਕਾਇਤਕਰਤਾ ਸਿਦੀਕੀ ਭਗਤ ਨੇ ਦਾਅਵਾ ਕੀਤਾ ਕਿ ਉਸ ਦੇ ਬੇਟੇ ਸਮੀਰ (17) ਤੇ ਉਸ ਦੇ ਦੋਸਤਾਂ ਸਲਮਾਨ ਘਿਤੇਲੀ ਤੇ ਸੋਹੇਲ ਭਗਤ 'ਤੇ ਰਾਤ ਨੂੰ ਦੋ ਮੋਟਰਸਾਈਕਲਾਂ 'ਤੇ ਸਵਾਰ 6 ਅਣਪਛਾਤੇ ਵਿਅਕਤੀਆਂ ਨੇ ਉਸ ਵੇਲੇ ਹਮਲਾ ਕੀਤਾ ਜਦੋਂ ਉਹ ਤਿੰਨੇ ਘਰ ਨੂੰ ਵਾਪਸ ਆ ਰਹੇ ਸੀ।


ਪਰਿਵਾਰ ਨੇ ਕਿਹਾ, 'ਮੁਲਜ਼ਮਾਂ ਨੇ ਮੇਰੇ ਬੇਟੇ ਤੇ ਉਸਦੇ ਦੋਸਤਾਂ ਨੂੰ ‘ਜੈ ਸ੍ਰੀ ਰਾਮ’ ਦਾ ਨਾਅਰਾ ਲਾਉਣ ਲਈ ਕਿਹਾ। ਜਦੋਂ ਮੁੰਡਿਆਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਮੁੰਡਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਵਿੱਚੋਂ ਇੱਕ ਨੇ ਸਮੀਰ ਦੇ ਮੱਥੇ 'ਤੇ ਸਾਈਕਲ ਦੀ ਚੇਨ ਮਾਰੀ ਜਦਕਿ ਇੱਕ ਹੋਰ ਨੇ ਸਲਮਾਨ ਦੇ ਸਿਰ 'ਤੇ ਤਿੱਖੀ ਵਸਤੂ ਨਾਲ ਹਮਲਾ ਕੀਤਾ।'


ਗੋਧਰਾ ਟਾਊਨ ਪੁਲਿਸ ਥਾਣੇ ਵਿੱਚ ਦਰਜ ਕੀਤੀ ਗਈ ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਹਮਲਾਵਰਾਂ ਨੇ ਜਾਣ ਤੋਂ ਪਹਿਲਾਂ ਧਮਕੀ ਦਿੱਤੀ ਕਿ ਜੇ ਉਹ ਇਸ ਖੇਤਰ ਵਿੱਚ ਫਿਰ ਤੋਂ ਦਿੱਸੇ ਤਾਂ ਉਨ੍ਹਾਂ ਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ। ਪੁਲਿਸ ਇੰਸਪੈਕਟਰ ਐਚਸੀ ਰਾਥਵਾ ਨੇ ਦੱਸਿਆ ਕਿ ਕੁਝ ਸਥਾਨਕ ਲੋਕ ਜ਼ਖਮੀ ਹੋਏ ਸਮੀਰ ਤੇ ਉਸਦੇ ਦੋਸਤਾਂ ਨੂੰ ਸਿਵਲ ਹਸਪਤਾਲ ਲੈ ਗਏ ਸੀ। ਪੀੜਤ ਇਸ ਸਮੇਂ ਬੋਲਣ ਦੀ ਸਥਿਤੀ ਵਿੱਚ ਨਹੀਂ ਹਨ, ਇਸ ਲਈ ਸਾਡੇ ਕੋਲ ਹੋਰ ਵੇਰਵੇ ਨਹੀਂ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ 6 ਅਣਪਛਾਤੇ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ।