ਚੰਡੀਗੜ੍ਹ: ਅੱਤਵਾਦੀ ਹਮਲੇ ਦੇ ਖ਼ਦਸ਼ੇ ਕਰਕੇ ਅਮਰਨਾਥ ਯਾਤਰਾ ਰੋਕੇ ਜਾਣ 'ਤੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਨੂੰ ਕਿਹਾ ਹੈ ਕਿ ਕਸ਼ਮੀਰ ਤੋਂ ਵਾਪਸ ਮੁੜਨ ਵਾਲੇ ਸ਼ਰਧਾਲੂਆਂ ਤੇ ਸੈਲਾਨੀਆਂ ਦੀ ਪਠਾਨਕੋਟ ਵਿੱਚ ਸੁਰੱਖਿਅਤ ਤੇ ਆਮ ਵਾਪਸੀ ਲਈ ਬੰਦੋਬਸਤ ਕੀਤੇ ਜਾਣ।


ਕੈਪਟਨ ਨੇ ਕਿਹਾ ਕਿ ਯਾਤਰੀਆਂ ਨੂੰ ਬਾਰਡਰ 'ਤੇ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਅਲਰਟ ਦੇ ਮੱਦੇਨਜ਼ਰ ਪਾਕਿਸਤਾਨ ਸਰਹੱਦ ਨਾਲ ਲੱਗਦੇ ਸਾਰੇ ਇਲਾਕਿਆਂ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਦੱਸ ਦੇਈਏ ਅਮਰਨਾਥ ਯਾਤਰਾ 'ਤੇ ਅੱਤਵਾਦੀ ਹਮਲੇ ਦੇ ਖ਼ਦਸ਼ੇ ਕਰਕੇ ਭਾਰਤ ਸਰਕਾਰ ਨੇ ਐਡਵਾਇਜ਼ਰੀ ਜਾਰੀ ਕਰਦਿਆਂ ਅਮਰਨਾਥ ਯਾਤਰਾ 'ਤੇ ਗਏ ਸਾਰੇ ਸ਼ਰਧਾਲੂਆਂ ਨੂੰ ਤੁਰੰਤ ਵਾਪਸ ਆਉਣ ਦੀ ਸਲਾਹ ਦਿੱਤੀ ਹੈ।





ਜੰਮੂ ਕਸ਼ਮੀਰ ਸਰਕਾਰ ਨੇ ਅਮਰਨਾਥ ਯਾਤਰੀਆਂ ਨੂੰ ਵਾਪਸ ਜਾਣ ਲਈ ਕਿਹਾ ਹੈ। ਅਮਰਨਾਥ ਯਾਤਰਾ 'ਤੇ ਗਏ ਯਾਤਰੀਆਂ ਲਈ ਭਾਰਤ ਸਰਕਾਰ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸ਼ਰਧਾਲੂਆਂ ਨੂੰ ਤੁਰੰਤ ਵਾਪਸ ਆਉਣਾ ਚਾਹੀਦਾ ਹੈ ਤੇ ਜਿੱਥੋਂ ਉਹ ਹਨ, ਉੱਥੋਂ ਉਹ ਤੁਰੰਤ ਵਾਪਸ ਪਰਤ ਜਾਣ। ਭਾਰਤ ਸਰਕਾਰ ਨੇ ਇਹ ਫੈਸਲਾ ਪਾਕਿਸਤਾਨ ਵਿੱਚ ਸਰਗਰਮ ਅੱਤਵਾਦੀ ਸੰਗਠਨਾਂ ਵੱਲੋਂ ਅਮਰਨਾਥ ਯਾਤਰਾ 'ਤੇ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਲਿਆ ਹੈ।


ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਇਹ ਇਨਪੁਟ ਮਿਲ ਰਿਹਾ ਸੀ ਕਿ ਅਮਰਨਾਥ ਯਾਤਰਾ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਗ੍ਰਹਿ ਮੰਤਰਾਲੇ ਤੋਂ ਇਹ ਐਡਵਾਇਜ਼ਰੀ ਸਾਹਮਣੇ ਆਈ ਹੈ। ਯਾਦ ਰਹੇ ਖਰਾਬ ਮੌਸਮ ਕਾਰਨ ਯਾਤਰਾ ਪਹਿਲਾਂ ਹੀ 4 ਅਗਸਤ ਤਕ ਮੁਲਤਵੀ ਕਰ ਦਿੱਤੀ ਗਈ ਸੀ ਤੇ ਹੁਣ ਵਿਸ਼ੇਸ਼ ਖੁਫੀਆ ਜਾਣਕਾਰੀ ਦੇ ਅਧਾਰ 'ਤੇ ਜੰਮੂ-ਕਸ਼ਮੀਰ ਤੋਂ ਅਮਰਨਾਥ ਯਾਤਰੀਆਂ ਦੇ ਨਾਲ ਨਾਲ ਸੈਲਾਨੀਆਂ ਨੂੰ ਵੀ ਵਾਪਸ ਜਾਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਅਮਰਨਾਥ ਯਾਤਰਾ 15 ਅਗਸਤ ਤੱਕ ਮੁਕੰਮਲ ਹੋਣੀ ਸੀ।