ਚੰਡੀਗੜ੍ਹ: ਵਿਸਾਖੀ ਮਨਾਉਣ ਲਈ ਪਾਕਿਸਤਾਨ ਗਈ ਕਿਰਨ ਬਾਲਾ ਇਸਲਾਮ ਕਬੂਲਣ ਤੇ ਸਥਾਨਕ ਵਸਨੀਕ ਮੁਹੰਮਦ ਆਜ਼ਮ ਨਾਲ ਨਿਕਾਹ ਕਰਾਉਣ ਪਿੱਛੋਂ ਪਾਕਿਸਤਾਨ ਦੀ ਨਾਗਰਿਕਤਾ ਦੀ ਮੰਗ ਕਰ ਰਹੀ ਹੈ। ਇਸ ਸਬੰਧੀ ਲਾਹੌਰ ਹਾਈਕੋਰਟ ਨੇ ਸ਼ਨੀਵਾਰ ਗ੍ਰਹਿ ਮੰਤਰਾਲੇ ਨੂੰ ਉਸ ਦੀ ਕਿਸਮਤ ਦਾ ਫ਼ੈਸਲਾ ਕਰਨ ਲਈ 30 ਦਿਨਾਂ ਦਾ ਸਮਾਂ ਦਿੱਤਾ ਹੈ। ਇਸ ਲਈ ਕਿਰਨ ਬਾਲਾ ਤੋਂ ਬਣੀ ਆਮਨਾ ਬੀਬੀ ਦੇ ਵੀਜ਼ੇ ਵਿੱਚ ਵੀ 30 ਦਿਨਾਂ ਦਾ ਵਾਧਾ ਕਰ ਦਿੱਤਾ ਗਿਆ ਹੈ।

 

ਆਮਨਾ ਬੀਬੀ ਵੱਲੋਂ ਦਾਇਰ ਅਰਜ਼ੀ ਨੂੰ ਵੇਖਦਿਆਂ ਹਾਈਕੋਰਟ ਨੇ ਅੰਦਰੂਨੀ ਮੰਤਰਾਲੇ ਨੂੰ ਇਹ ਫ਼ੈਸਲਾ ਕਰਨ ਦੀ ਹਦਾਇਤ ਕੀਤੀ ਹੈ ਕਿ ਉਸ ਦੇ ਵੀਜ਼ੇ ਵਿੱਚ 6 ਮਹੀਨਿਆਂ ਦੇ ਵਾਧੇ ਲਈ ਉਹ ਯੋਗ ਹੈ ਜਾਂ ਨਹੀਂ। ਆਪਣੀ ਅਰਜ਼ੀ ਵਿੱਚ ਉਸ ਨੇ ਪਾਕਿਸਤਾਨ ਦੇ ਵੀਜ਼ੇ ’ਚ 6 ਮਹੀਨਿਆਂ ਦੇ ਵਾਧੇ ਦੀ ਮੰਗ ਕੀਤੀ ਸੀ।

ਭਾਰਤ-ਪਾਕਿਸਤਾਨ ਦੀ ਸੰਧੀ ਮੁਤਾਬਕ ਦੋਵਾਂ ਮੁਲਕਾਂ ਵਿੱਚੋਂ ਕਿਸੇ ਇੱਕ ਮੁਲਕ ਦਾ ਨਾਗਰਿਕ 7 ਸਾਲ ਬਾਅਦ ਦੂਜੇ ਮੁਲਕ ਦਾ ਨਾਗਰਿਕ ਬਣ ਸਕਦਾ ਹੈ ਯਾਨੀ ਆਮਨਾ ਬੀਬੀ ਨੂੰ ਪਾਕਿਸਤਾਨ ਦੀ ਵਸਨੀਕ ਬਣਨ ਲਈ 7 ਸਾਲਾਂ ਤਕ ਹਰ 6 ਮਹਿਨਿਆਂ ਪਿੱਛੋਂ ਆਪਣੇ ਵੀਜ਼ੇ ਦੀ ਮਿਆਦ ਵਧਾਉਣੀ ਪਵੇਗੀ। ਫ਼ਿਲਹਾਲ ਆਮਨਾ ਬੀਬੀ ਦੇ ਵੀਜ਼ੇ ਵਿੱਚ ਕੀਤੇ ਵਾਧੇ ਪਿੱਛੋਂ ਹੁਣ ਉਹ ਇੱਕ ਮਹੀਨਾ ਹੋਰ ਪਾਕਿਸਤਾਨ ਵਿੱਚ ਰਹਿ ਸਕਦੀ ਹੈ।