ਨਵੀਂ ਦਿੱਲੀ : ਭਾਰਤੀ ਸੈਨਾ ਦੇ ਸਰਜੀਕਲ ਸਟ੍ਰਾਈਕ ਦਾ ਅਸਰ ਵਿਖਣਾ ਸ਼ੁਰੂ ਹੋ ਗਿਆ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਅੱਤਵਾਦੀ ਟਰੇਨਿੰਗ ਕੈਂਪਾਂ ਵਿੱਚ ਹੁਣ ਖ਼ੌਫ਼ ਦਾ ਮਾਹੌਲ ਹੈ। ਖ਼ੁਫ਼ੀਆ ਰਿਪੋਰਟ ਮੁਤਾਬਕ, ਸਰਜੀਕਲ ਸਟ੍ਰਾਈਕ ਤੋਂ ਪਹਿਲਾਂ ਟਰੇਨਿੰਗ ਕੈਂਪਸ ਵਿੱਚ 500 ਅੱਤਵਾਦੀ ਸਨ। ਪਰ ਭਾਰਤ ਵੱਲੋਂ ਸਰਜੀਕਲ ਸਟ੍ਰਾਈਕ ਤੋਂ ਬਾਅਦ 300 ਅੱਤਵਾਦੀ ਉੱਥੋਂ ਭੱਜ ਗਏ ਹਨ। ਹੁਣ ਸਿਰਫ਼ 200 ਦੇ ਨੇੜੇ ਅੱਤਵਾਦੀ ਟਰੇਨਿੰਗ ਕੈਂਪ ਦੇ ਵਿੱਚ ਹਨ। ਸਰਜੀਕਲ ਸਟ੍ਰਾਈਕ ਦੌਰਾਨ ਅੱਤਵਾਦੀ ਲਾਚਿੰਗ ਪੈਡਸ ਦੇ ਤਬਾਹ ਕੀਤੇ ਜਾਣ ਤੋਂ ਬਾਅਦ ਤੋਂ ਅੱਤਵਾਦੀ ਭਾਰਤੀ ਸੈਨਾ ਦੇ ਖ਼ੌਫ਼ ਵਿੱਚ ਹਨ। ਖ਼ੁਫ਼ੀਆ ਸੂਤਰਾਂ ਮੁਤਾਬਕ, ਅੱਤਵਾਦੀ ਕੈਂਪ ਛੱਡ ਕੇ ਫ਼ਰਾਰ ਹੋ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮੁੰਬਈ ਹਮਲੇ ਦੇ ਲਈ ਅੱਤਵਾਦੀਆਂ ਨੂੰ ਜਿਸ ਕੈਂਪ ਵਿੱਚ ਟਰੇਨਿੰਗ ਦਿੱਤੀ ਗਈ ਸੀ, ਉਸ ਕੈਂਪ ਵਿੱਚੋਂ ਵੀ ਅੱਤਵਾਦੀ ਭੱਜ ਗਏ ਹਨ। ਇਹ ਟਰੇਨਿੰਗ ਕੈਂਪ ਮੁਜਫਰਾਬਾਦ ਦੇ ਨੇੜੇ ਮਾਨ ਸ਼ੇਰਾ ਵਿੱਚ ਹਨ। ਇੱਥੇ ਹੀ ਮੁੰਬਈ ਹਮਲੇ ਦੇ ਗੁਨਾਹਗਾਰ ਕਸਾਬ ਨੂੰ ਵੀ ਟਰੇਨਿੰਗ ਦਿੱਤੀ ਗਈ ਸੀ। ਸੂਤਰਾਂ ਮੁਤਾਬਕ, ਪਾਕਿਸਤਾਨੀ ਏਜੰਸੀ ISI ਨੇ ਪਹਿਲਾ ਹੀ 18 ਅੱਤਵਾਦੀ ਟਰੇਨਿੰਗ ਕੈਂਪਾਂ ਨੂੰ ਆਪਣੇ ਸੈਨਿਕ ਠਿਕਾਣਿਆਂ ਵਿੱਚ ਬਦਲ ਦਿੱਤਾ ਸੀ। ਪਰ ਬਾਕੀ ਬਚੇ 24 ਟਰੇਨਿੰਗ ਕੈਂਪ ਨੂੰ ਅੱਤਵਾਦੀਆਂ ਨੇ ਖਾਲੀ ਕਰ ਦਿੱਤਾ ਹੈ। ਖ਼ੁਫ਼ੀਆ ਏਜੰਸੀ ਦੀ ਜਾਣਕਾਰੀ ਮੁਤਾਬਕ ਅੱਤਵਾਦੀਆਂ ਵਿੱਚ ਇਹ ਖ਼ੌਫ਼ ਹੈ ਕਿ ਅਗਲਾ ਸਰਜੀਕਲ ਸਟ੍ਰਾਈਕ ਉਨ੍ਹਾਂ ਦੇ ਕੈਂਪ 'ਤੇ ਨਾ ਹੋ ਜਾਏ ਅਤੇ ਉਹ ਵੀ ਨਾ ਮਾਰੇ ਜਾਣ। ਇਸ ਲਈ ਟਰੇਨਿੰਗ ਕੈਂਪ ਖ਼ਾਲੀ ਕਰ ਕੇ ਭੱਜ ਗਏ।