ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਤੇ ਕਾਂਗਰਸੀ ਲੀਡਰ ਡਾ. ਮਨਮੋਹਨ ਸਿੰਘ ਨੇ ਮੰਗਲਵਾਰ ਨੂੰ ਮੋਦੀ ਸਰਕਾਰ ਦੇ ਦੋ ਮੁੱਖ ਆਰਥਿਕ ਮਸਲਿਆਂ ਨੋਟਬੰਦੀ ਤੇ ਜੀਐਸਟੀ 'ਤੇ ਵੱਡਾ ਹਮਲਾ ਬੋਲਿਆ ਹੈ। ਨੋਟਬੰਦੀ ਦੇ ਇੱਕ ਸਾਲ ਪੂਰਾ ਹੋਣ ਤੋਂ ਇੱਕ ਦਿਨ ਪਹਿਲਾਂ ਡਾ. ਮਨਮੋਹਨ ਸਿੰਘ ਨੇ ਅਹਿਮਾਦਬਾਦ 'ਚ ਕਿਹਾ ਕਿ 8 ਨਵੰਬਰ, 2016 ਨੂੰ ਨੋਟਬੰਦੀ ਕਰਨਾ ਜਥੇਬੰਦਕ ਲੁੱਟ ਤੇ ਕਾਨੂੰਨੀ ਡਾਕਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਦਾ ਨੋਟਬੰਦੀ ਦਾ ਜੋ ਮਕਸਦ ਸੀ, ਉਹ ਪੂਰਾ ਨਹੀਂ ਹੋਇਆ ਹੈ। ਕਾਲੇਧਨ ਵਾਲੇ ਫੜੇ ਨਹੀਂ ਗਏ ਤੇ ਉਹ ਬਾਹਰ ਭੱਜ ਗਏ। ਜੀਐਸਟੀ ਨੇ ਛੋਟੇ ਕਾਰੋਬਾਰੀਆਂ ਨੂੰ ਮਾਰ ਦਿੱਤਾ। ਉਨ੍ਹਾਂ ਲਈ ਇਹ ਬੁਰੇ ਸੁਫਨੇ ਜਿਹਾ ਹੈ। ਆਮ ਲੋਕਾਂ ਨੂੰ ਇਸ ਲਈ ਕਾਫੀ ਪ੍ਰੇਸ਼ਾਨੀ ਹੋਈ ਹੈ।

ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਅਸੀਂ ਆਪਣੇ ਕਾਰਜਕਾਲ 'ਚ 14 ਕਰੋੜ ਲੋਕਾਂ ਨੂੰ ਗਰੀਬੀ ਤੋਂ ਮੁਕਤ ਕੀਤਾ। ਮੋਦੀ ਨੇ ਬਿਨਾਂ ਸੋਚੇ ਸਮਝੇ ਜਲਦਬਾਜ਼ੀ ਨਾਲ ਇਹ ਕਦਮ ਚੁੱਕਿਆ। ਉਨ੍ਹਾਂ ਕਿਹਾ ਕਿ ਇਸ ਨਾਲ ਕੁਝ ਵੀ ਪ੍ਰਪਾਤ ਨਹੀਂ ਹੋਇਆ ਹੈ। ਉਨ੍ਹਾਂ ਬੁਲੇਟ ਟ੍ਰੇਨ ਨੂੰ ਹੰਕਾਰ ਦੱਸਿਆ ਹੈ।