ਕੇਰਲ: ਦੱਖਣੀ ਭਾਰਤ ਦੇ ਸੂਬੇ ਕੇਰਲ 'ਚ ਭਾਰੀ ਬਾਰਸ਼ ਤੇ ਹੜ੍ਹਾਂ ਦਾ ਕਹਿਰ ਲਗਾਤਾਰ ਜਾਰੀ ਹੈ। ਮੌਸਮ ਦੀ ਮਾਰ ਹੇਠ ਹੁਣ ਤੱਕ 37 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 55 ਹਜ਼ਾਰ ਤੋਂ ਵੱਧ ਬੇਘਰ ਹੋ ਗਏ ਹਨ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਗ੍ਰਹਿਮੰਤਰੀ ਰਾਜਨਾਥ ਸਿੰਘ ਅੱਜ ਕੇਰਲ 'ਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਣਗੇ ਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨਗੇ। ਬਾਰਸ਼ ਨਾਲ ਪ੍ਰਭਾਵਿਤ ਜ਼ਿਆਦਾਤਰ ਇਲਾਕਿਆਂ 'ਚ 14 ਅਗਸਤ ਤੱਕ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਕੇਰਲ ਦੇ ਮੁੱਖ ਮੰਤਰੀ ਨੇ ਸੂਬੇ ਦੇ ਦੌਰੇ ਤੋਂ ਬਾਅਦ ਕਿਹਾ ਕਿ ਕੇਰਲ ਭਿਆਨਕ ਸਥਿਤੀ 'ਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਘਰ ਤੇ ਜ਼ਮੀਨ ਗਵਾਉਣ ਵਾਲੇ ਲੋਕਾਂ ਲਈ ਦਸ-ਦਸ ਲੱਖ ਤੇ ਆਪਣੇ ਪਰਿਵਾਰਕ ਮੈਂਬਰ ਖੋਹ ਦੇਣ ਵਾਲਿਆਂ ਲਈ ਚਾਰ ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ।

ਭਾਰਤੀ ਮੌਸਮ ਵਿਭਾਗ ਨੇ ਕੇਰਲ 'ਚ ਰੈਡ ਅਲਰਟ ਜਾਰੀ ਕੀਤਾ ਹੋਇਆ ਹੈ। ਖਤਰੇ ਨਾਲ ਨਜਿੱਠਣ ਲਈ ਸਰਕਾਰੀ ਮਸ਼ੀਨਰੀ ਦੇ ਨਾਲ ਨਾਲ ਸੈਨਾ, ਜਲ ਸੈਨਾ ਤੇ ਤੱਟ ਰੱਖਿਅਕ ਬਲ ਲਗਾਤਾਰ ਅਲਰਟ 'ਤੇ ਹਨ। ਹੜ੍ਹਾਂ ਨਾਲ ਕੇਰਲ 'ਚ 1301 ਹੈਕਟੇਅਰ ਫਸਲ ਤਬਾਹ ਹੋ ਗਈ ਹੈ।