ਨਵੀਂ ਦਿੱਲੀ: ਵਿਵਾਦ ਤੋਂ ਬਾਅਦ ਸਰਕਾਰ ਨੇ ਮੰਗਲਵਾਰ ਦੇਰ ਰਾਤ ਕੇਂਦਰੀ ਜਾਂਚ ਬਿਊਰੋ ਦੇ ਮੁਖੀ ਆਲੋਕ ਵਰਮਾ ਤੇ ਵਧੀਕ ਨਿਰਦੇਸ਼ਕ ਰਾਕੇਸ਼ ਅਸਥਾਨਾ ਨੂੰ ਜ਼ਬਰਨ ਛੁੱਟੀ 'ਤੇ ਭੇਜ ਦਿੱਤਾ ਹੈ। ਹੁਣ ਵਰਮਾ ਦੇ ਘਰ ਦੇ ਬਾਹਰੋਂ ਚਾਰ ਵਿਅਕਤੀ ਫੜੇ ਗਏ ਹਨ, ਜਿਨ੍ਹਾਂ 'ਤੇ ਜਾਸੂਸੀ ਕੀਤੇ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਸ਼ੱਕੀਆਂ ਵੱਲੋਂ ਖ਼ੁਦ ਦੇ IB ਯਾਨੀ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀ ਹੋਣ ਦਾ ਦਾਅਵਾ ਕੀਤਾ।
ਹਾਲਾਂਕਿ ਉਨ੍ਹਾਂ ਦਾਅਵਾ ਕੀਤਾ ਕਿ ਉਹ ਰੁਟੀਨ ਨਿਗਰਾਨੀ ਰੱਖ ਰਹੇ ਹਨ ਪਰ ਇਹ ਨਿਗਰਾਨੀ ਵੀ ਸ਼ੱਕੀ ਜਾਪਦੀ ਹੈ। ਇਸ ਪਿੱਛੇ ਆਲੋਕ ਵਰਮਾ ਦੇ ਹਥਲੇ ਕੇਸਾਂ ਦੀ ਜਾਂਚ ਵੀ ਹੋ ਸਕਦੀ ਹੈ। ਸੀਬੀਆਈ ਚੀਫ਼ ਆਲੋਕ ਵਰਮਾ ਅਧੀਨ ਸੱਤ ਬੇਹੱਦ ਅਹਿਮ ਮਾਮਲਿਆਂ ਦੀ ਜਾਂਚ ਜਾਰੀ ਸੀ। ਇਨ੍ਹਾਂ ਵਿੱਚੋਂ ਕੁਝ 'ਤੇ ਤਾਂ ਵਰਮਾ ਦੇ ਦਸਤਖ਼ਤ ਹੋਣੇ ਹੀ ਬਾਕੀ ਸਨ, ਪਰ ਇਸ ਤੋਂ ਐਨ ਪਹਿਲਾਂ ਸੀਬੀਆਈ ਮੁਖੀ ਨੂੰ ਜ਼ਬਰੀ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ। ਆਓ ਤੁਸੀਂ ਵੀ ਜਾਣੋ ਕਿ ਛੁੱਟੀ 'ਤੇ ਜਾਣ ਤੋਂ ਪਹਿਲਾਂ ਸੀਬੀਆਈ ਦੇ ਮੁਖੀ ਕਿਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੇ ਸਨ- 1. ਰਾਫ਼ੇਲ ਡੀਲ- ਅਖ਼ਬਾਰ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਲੋਕ ਵਰਮਾ ਜਿਨ੍ਹਾਂ ਮਾਮਲਿਆਂ ਨੂੰ ਦੇਖ ਰਹੇ ਸੀ, ਉਨ੍ਹਾਂ ਵਿੱਚੋਂ ਸਭ ਤੋਂ ਸੰਵੇਦਨਸ਼ੀਲ ਕੇਸ ਰਾਫ਼ੇਲ ਸੌਦਾ ਸੀ। ਦਰਅਸਲ, ਬੀਤੀ ਚਾਰ ਅਕਤੂਬਰ ਨੂੰ ਹੀ ਵਰਮਾ ਨੂੰ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨ੍ਹਾ, ਅਰੁਣ ਸ਼ੌਰੀ ਤੇ ਵਕੀਲ ਪ੍ਰਸ਼ਾਂਤ ਭੂਸ਼ਣ ਤੋਂ 132 ਸਫ਼ਿਆਂ ਦੀ ਸ਼ਿਕਾਇਤ ਪ੍ਰਾਪਤ ਹੋਈ ਸੀ। ਇਸ ਸ਼ਿਕਾਇਤ ਵਿੱਚ 36 ਰਾਫ਼ੇਲ ਲੜਾਕੂ ਜਹਾਜ਼ ਖਰੀਦਣ ਦੀ ਸਰਕਾਰ ਦੀ ਸੌਦੇਬਾਜ਼ੀ ਵਿੱਚ ਹੋਈ ਕਥਿਤ ਗੜਬੜੀ ਬਾਰੇ ਜ਼ਿਕਰ ਕੀਤਾ ਗਿਆ ਸੀ। ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਗਿਆ ਹੈ ਕਿ ਅਨਿਲ ਅੰਬਾਨੀ ਦੀ ਕੰਪਨੀ ਨੂੰ ਇਸ ਸੌਦੇਬਾਜ਼ੀ ਵਿੱਚੋਂ 35% ਕਮਿਸ਼ਨ ਮਿਲਣ ਵਾਲਾ ਸੀ। ਦਾਅਵਾ ਹੈ ਕਿ ਆਲੋਕ ਵਰਮਾ ਨੂੰ ਜਦੋਂ ਹਟਾਇਆ ਗਿਆ, ਉਦੋਂ ਉਹ ਇਸ ਸ਼ਿਕਾਇਤ ਦੇ ਸਹੀ ਹੋਣ ਸਬੰਧੀ ਪੁਸ਼ਟੀ ਕਰ ਰਹੇ ਸਨ। 2. ਪੀਐਮਓ ਦੇ ਸਕੱਤਰ 'ਤੇ ਲੱਗੇ ਦੋਸ਼ਾਂ ਦੀ ਜਾਂਚ- ਦੂਜਾ ਮਾਮਲਾ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਸਕੱਤਰ ਦੇ ਅਹੁਦੇ 'ਤੇ ਤਾਇਨਾਤ ਨਾਲ ਜੁੜਿਆ ਹੋਇਆ ਹੈ। ਕੋਲਾ ਖੱਡਾਂ ਦੀ ਅਲਾਟਮੈਂਟ ਵਿੱਚ ਉਕਤ ਸਕੱਤਰ ਦੀ ਭੂਮਿਕਾ ਦੀ ਜਾਂਚ ਹੋਣੀ ਸੀ। ਇਹ ਫੈਸਲਾ ਹੋਣਾ ਸੀ ਕਿ ਮਾਮਲੇ ਵਿੱਚ ਸਕੱਤਰ ਨੂੰ ਗਵਾਹ ਬਣਾਇਆ ਜਾਵੇ ਜਾਂ ਮੁਲਜ਼ਮ। 3. ਵਿੱਤ ਸਕੱਤਰ 'ਤੇ ਲੱਗੇ ਦੋਸ਼- ਤੀਜਾ ਮਾਮਲਾ ਭਾਜਪਾ ਦੇ ਸੰਸਦ ਮੈਂਬਰ ਸੁਬਰਾਮਣੀਅਨ ਸਵਾਮੀ ਵੱਲੋਂ ਸੀਬੀਆਈ ਨੂੰ ਮਿਲੀ ਚਿੱਠੀ ਨਾਲ ਜੁੜਿਆ ਹੋਇਆ ਸੀ। ਇਨ੍ਹਾਂ ਵਿੱਚੋਂ ਸਵਾਮੀ ਨੇ ਫਾਈਨਾਂਸ ਤੇ ਵਿੱਤ ਸਕੱਤਰ ਹਸਮੁੱਖ ਅਢੀਆ 'ਤੇ ਕੁਝ ਇਲਜ਼ਾਮ ਲਾਏ ਹਨ। 4. ਮੈਡੀਕਲ ਕੌਂਸਲ ਮਾਮਲਾ- ਚੌਥਾ ਮਾਮਲਾ ਮੈਡੀਕਲ ਕੌਂਸਲ ਆਫ਼ ਇੰਡੀਆ ਵਿੱਚ ਹੋਏ ਭ੍ਰਿਸ਼ਟਾਚਾਰ ਨਾਲ ਸਬੰਧਤ ਹੈ। ਇਸ ਵਿੱਚ ਸੇਵਾਮੁਕਤ ਹੋ ਚੁੱਕੇ ਹਾਈਕੋਰਟ ਦੇ ਜੱਜ ਖ਼ਿਲਾਫ਼ ਦੋਸ਼ ਪੱਤਰ ਤਕਰੀਬਨ ਤਿਆਰ ਹੋ ਚੁੱਕਿਆ ਸੀ। ਉਸ 'ਤੇ ਆਲੋਕ ਵਰਮਾ ਵੱਲੋਂ ਸਿਰਫ਼ ਦਸਤਖ਼ਤ ਹੀ ਕਰਨੇ ਬਾਕੀ ਸਨ। 5. ਮੈਡੀਕਲ ਕਾਲਜਾਂ ਵਿੱਚ ਦਾਖ਼ਲੇ- 5ਵੀਂ ਫਾਈਲ ਇਲਾਹਾਬਾਦ ਹਾਈਕੋਰਟ ਦੇ ਇੱਕ ਜਸਟਿਸ ਨਾਲ ਜੁੜੀ ਹੋਈ ਸੀ, ਜਿਸ 'ਤੇ ਮੈਡੀਕਲ ਕਾਲਜਾਂ ਵਿੱਚ ਦਾਖ਼ਲੇ ਦੌਰਾਨ ਹੋਏ ਭ੍ਰਿਸ਼ਟਾਚਾਰ ਨਾਲ ਜੁੜੇ ਇਲਜ਼ਾਮਾਂ ਦੀ ਜਾਂਚ ਕੀਤੀ ਜਾ ਰਹੀ ਸੀ। ਜੱਜ ਨੂੰ ਛੁੱਟੀ 'ਤੇ ਭੇਜਿਆ ਜਾ ਚੁੱਕਾ ਹੈ। ਮਾਮਲੇ ਦੀ ਐਫਆਈਆਰ ਦਰਜ ਕਰਨ ਲਈ ਕਾਗ਼ਜ਼ਾਤ ਤਿਆਰ ਸਨ ਤੇ ਉਸ 'ਤੇ ਵੀ ਵਰਮਾ ਦੇ ਦਸਤਖ਼ਤ ਹੋਣੇ ਹੀ ਬਾਕੀ ਸਨ। 6. ਨਿਯੁਕਤੀਆਂ ਵਿੱਚ ਭ੍ਰਿਸ਼ਟਾਚਾਰ- ਛੇਵੀਂ ਫ਼ਾਈਲ ਦਿੱਲੀ ਦੇ ਇੱਕ ਵਿਚੋਲੇ ਨਾਲ ਜੁੜੀ ਹੋਈ ਸੀ। ਉਸ ਕੋਲੋਂ ਤਿੰਨ ਕਰੋੜ ਰੁਪਏ ਕੈਸ਼ ਤੇ ਇੱਕ ਸੂਚੀ ਮਿਲੀ ਸੀ, ਜਿਨ੍ਹਾਂ ਵਿੱਚ ਜਨਤਕ ਖੇਤਰ ਵਿੱਚ ਸੀਨੀਅਰ ਅਹੁਦਿਆਂ 'ਤੇ ਨੇਤਾਵਾਂ ਤੇ ਵੱਡੇ ਅਫ਼ਸਰਾਂ ਦੀ ਕਥਿਤ ਸ਼ਮੂਲੀਅਤ ਦਾ ਜ਼ਿਕਰ ਸੀ। 7. ਬੈਂਕ ਫ੍ਰੌਡ- ਸੱਤਵਾਂ ਮਾਮਲਾ ਸਟ੍ਰਲਿੰਗ ਬਾਇਓਟੈੱਕ ਦੇ 8,100 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਨਾਲ ਸਬੰਧਤ ਸੀ। ਇਸ ਵਿੱਚ ਸੀਬੀਆਈ ਨੇ ਆਪਣੇ ਹੀ ਨੰਬਰ-ਦੋ 'ਤੇ ਤਾਇਨਾਤ ਅਫ਼ਸਰ ਰਾਕੇਸ਼ ਅਸਥਾਨਾ ਨੂੰ ਮੁਲਜ਼ਮ ਬਣਾਇਆ ਸੀ। ਕੇਂਦਰ ਸਰਕਾਰ ਨੇ ਮੰਗਲਵਾਰ ਰਾਤ ਨੂੰ ਸੀਬੀਆਈ ਨਿਰਦੇਸ਼ਕ ਆਲੋਕ ਵਰਮਾ ਤੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਨੂੰ ਜ਼ਬਰੀ ਛੁੱਟੀ 'ਤੇ ਭੇਜ ਦਿੱਤਾ। ਦੋਵਾਂ ਨੇ ਇੱਕ-ਦੂਜੇ ਖ਼ਿਲਾਫ਼ ਰਿਸ਼ਵਤਖੋਰੀ ਦੇ ਇਲਜ਼ਾਮ ਲਾਏ ਸਨ। ਅੰਤ੍ਰਿਮ ਵਿਵਸਥਾ ਲਈ ਸੰਯੁਕਤ ਨਿਰਦੇਸ਼ਕ ਐਮ. ਨਾਗੇਸ਼ਵਰ ਰਾਓ ਨੂੰ ਨਿਰਦੇਸ਼ਕ ਦਾ ਕਾਰਜਭਾਰ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਕਮੇਟੀ ਨੇ ਸੀਵੀਸੀ ਦੀਆਂ ਸਿਫ਼ਾਰਸ਼ਾਂ 'ਤੇ ਮੰਗਲਵਾਰ ਦੇਰ ਰਾਤ ਇਹ ਫੈਸਲੇ ਲਏ। ਸਰਕਾਰ ਦੇ ਫੈਸਲੇ ਖ਼ਿਲਾਫ਼ ਆਲੋਕ ਵਰਮਾ ਸੁਪਰੀਮ ਕੋਰਟ ਪਹੁੰਚ ਚੁੱਕੇ ਹਨ। ਉੱਥੇ ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਹਰ ਜਾਂਚ ਸਰਕਾਰ ਦੇ ਮੁਤਾਬਕ ਹੀ ਚੱਲੇ, ਕੁਝ ਮੌਕਿਆਂ 'ਤੇ ਜਾਂਚ ਦੀ ਦਿਸ਼ਾ ਸਰਕਾਰ ਦੀ ਇੱਛਾ ਦੇ ਉਲਟ ਵੀ ਜਾ ਸਕਦੀ ਹੈ।