ਨਾਂਦੇੜ: ਮਹਾਰਾਸ਼ਟਰ ਸਥਿਤ ਸਿੱਖਾਂ ਦੇ ਪੰਜਵੇਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਬੀਤੇ ਦਿਨ ਸਿੱਖ ਸ਼ਰਧਾਲੂਆਂ ਅਤੇ ਪੁਲਿਸ ਦਰਮਿਆਨ ਟਕਰਾਅ ਹੋ ਗਿਆ ਸੀ, ਜਿਸ ਸਬੰਧੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਕਤਲ ਦੀ ਕੋਸ਼ਿਸ਼ ਕਰਨ ਦੀ ਧਾਰਾ ਵੀ ਜੋੜੀ ਗਈ ਹੈ। ਹਮਲੇ ਵਿੱਚ ਚਾਰ ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ ਤੇ ਕੁਝ ਸ਼ਰਧਾਲੂਆਂ ਦੇ ਵੀ ਸੱਟਾਂ ਵੱਜੀਆਂ ਹਨ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀ ਹੈ।


ਪ੍ਰਾਪਤ ਜਾਣਕਾਰੀ ਮੁਤਾਬਕ, ਸਿੱਖ ਸ਼ਰਧਾਲੂ ਹੋਲੇ ਮੁਹੱਲਾ ਮਨਾਉਣਾ ਚਾਹੁੰਦੇ ਸਨ ਪਰ ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਕਾਰਨ ਪੁਲਿਸ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਵਰਜਿਆ, ਜਿਸ ਕਾਰਨ ਦੋਵਾਂ ਧਿਰਾਂ ਦਰਮਿਆਨ ਟਕਰਾਅ ਹੋ ਗਿਆ। ਘਟਨਾ ਦੀ ਵੀਡੀਓ ਤੁਰੰਤ ਇੰਟਰਨੈੱਟ 'ਤੇ ਛਾਅ ਗਈ। ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਸ਼ਰਧਾਲੂਆਂ ਦੀ ਭੀੜ ਗੁਰਦੁਆਰੇ ਵਿੱਚੋਂ ਬਾਹਰ ਆ ਕੇ ਬੈਰੀਕੇਡ ਤੋੜ ਦਿੰਦੀ ਹੈ। ਕਈਆਂ ਦੇ ਹੱਥ ਵਿੱਚ ਕਿਰਪਾਨਾਂ ਵੀ ਸਨ।


 






 


ਨਾਂਦੇੜ ਰੇਂਜ ਦੇ ਡੀਆਈਜੀ ਨਿਸਾਰ ਤੰਬੋਲੀ ਨੇ ਦੱਸਿਆ ਕਿ ਮਹਾਰਾਸ਼ਟਰ ਵਿੱਚ ਕੋਰੋਨਾ ਮਹਾਮਾਰੀ ਕਾਰਨ ਹਾਲਾਤ ਬੇਹੱਦ ਖ਼ਰਾਬ ਹਨ, ਜਿਸ ਕਾਰਨ ਸਿੱਖਾਂ ਨੂੰ ਹੋਲਾ ਮੁਹੱਲਾ ਸਬੰਧੀ ਨਗਰ ਕੀਰਤਨ ਸਜਾਉਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕਮੇਟੀ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਨਿਰਦੇਸ਼ਾਂ ਦਾ ਪਾਲਨ ਕਰਨਗੇ ਅਤੇ ਸਾਰਾ ਸਮਾਗਮ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਕਰਨਗੇ ਪਰ ਕਈ ਜਣੇ ਨਗਰ ਕੀਰਤਨ ਸਜਾਉਣ ਲਈ ਬਜ਼ਿੱਦ ਸਨ ਅਤੇ ਤਕਰੀਬਨ 300 ਲੋਕਾਂ ਨੇ ਬੈਰੀਕੇਡ ਤੋੜ ਦਿੱਤੇ ਤੇ ਪੁਲਿਸ 'ਤੇ ਹੱਲਾ ਬੋਲ ਦਿੱਤਾ।


ਨਿਸਾਰ ਤੰਬੋਲੀ ਨੇ ਦੱਸਿਆ ਕਿ ਜ਼ਖ਼ਮੀ ਮੁਲਾਜ਼ਮਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਡੀਆਈਜੀ ਮੁਤਾਬਕ ਪੁਲਿਸ ਨੇ 200 ਤੋਂ ਵੱਧ ਲੋਕਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 307,324, 188, 269 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ 16 ਲੋਕਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।