ਨਵੀਂ ਦਿੱਲੀ: ਦਿੱਲੀ ਹਿੰਸਾ ਵਿੱਚ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਹਿੰਸਾ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ 53 ਹੋ ਗਈ ਹੈ। ਕੁਝ ਲੋਕਾਂ ਦੀ ਹਸਪਤਾਲਾਂ ਵਿੱਚ ਮੌਤ ਹੋ ਰਹੀ ਹੈ ਤੇ ਕੁਝ ਲਾਸ਼ਾਂ ਨਾਲਿਆਂ ਵਿੱਚ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਸਵਾਲ ਉੱਠਣ ਲੱਗੇ ਹਨ ਕਿ ਮੌਤਾਂ ਤੇ ਨੁਕਸਾਨ ਦੇ ਅੰਕੜਿਆਂ 'ਤੇ ਜਾਣਬੁੱਝ ਤੇ ਪਰਦਾ ਪਾਇਆ ਜਾ ਰਿਹਾ ਹੈ।


ਦਰਅਸਲ ਉੱਤਰ-ਪੂਰਬੀ ਦਿੱਲੀ ਵਿੱਚ ਬੀਤੇ ਮਹੀਨੇ ਹਿੰਸਾ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ 53 ਹੋਣ ਮਗਰੋਂ ਹੀ ਇਹ ਸਵਾਲ ਉੱਠਣ ਲੱਗੇ ਹਨ। ਕੁਝ ਧਿਰਾਂ ਮਰਨ ਵਾਲਿਆਂ ਦੀ ਸ਼ਨਾਖਤ ਜਾਰੀ ਕਰਨ ਦਾ ਵੀ ਜ਼ੋਰ ਪਾ ਰਹੀਆਂ ਹਨ ਪਰ ਸਰਕਾਰ ਇਸ ਤੋਂ ਇਨਕਾਰ ਕਰ ਰਹੀ ਹੈ।

ਹਾਸਲ ਜਾਣਕਾਰੀ ਮੁਤਾਬਕ ਵੀਰਵਾਰ ਨੂੰ ਦਿੱਲੀ ਦੇ ਗੁਰੂ ਤੇਗ ਬਹਾਦਰ ਹਸਪਤਾਲ ਵਿੱਚ ਇੱਕ ਹੋਰ ਹਿੰਸਾ ਪੀੜਤ ਦੀ ਮੌਤ ਹੋ ਗਈ ਹੈ। ਹੁਣ ਤੱਕ ਹਸਪਤਾਲ ਨੇ 44 ਮੌਤਾਂ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ 43 ਮਰਦ ਤੇ ਇੱਕ ਔਰਤ ਹੈ। ਇਸ ਤੋਂ ਇਲਾਵਾ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਨੇ 3 ਤੇ ਰਾਮ ਮਨੋਹਰ ਲੋਹੀਆ ਹਸਪਤਾਲ ਨੇ 5 ਮੌਤਾਂ ਦੀ ਪੁਸ਼ਟੀ ਕੀਤੀ ਹੈ।

ਗੁਰੂ ਤੇਗ ਬਹਾਦਰ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਸੁਨੀਲ ਕੁਮਾਰ ਅਨੁਸਾਰ ਮ੍ਰਿਤਕਾਂ ਵਿੱਚ ਬਹੁਤੇ ਨੌਜਵਾਨ ਸਨ। ਹੁਣ ਤੱਕ 298 ਲੋਕਾਂ ਦਾ ਇਲਾਜ ਕੀਤਾ ਗਿਆ ਹੈ। ਦੱਸ ਦਈਏ ਕਿ ਕੁਝ ਲਾਸ਼ਾਂ ਨਾਲਿਆਂ ਵਿੱਚੋਂ ਵੀ ਮਿਲੀਆਂ ਹਨ।