ਸੋਲਨ: ਹਿਮਾਚਲ ਪ੍ਰਦੇਸ਼ ਦੇ ਸੋਲਨ ਵਿੱਚ ਹੋਟਲ ਦੀ ਇਮਾਰਤ ਡਿੱਗਣ ਕਾਰਨ 12 ਫ਼ੌਜੀ ਜਵਾਨਾਂ ਅਤੇ ਹੋਟਲ ਮਾਲਕਣ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਐਤਵਾਰ ਸ਼ਾਮ ਕੁਮਾਰਹੱਟੀ-ਨਾਹਨ ਮਾਰਗ 'ਤੇ ਸਥਿਤ ਚਾਰ ਮੰਜ਼ਿਲਾ ਇਮਾਰਤ ਢਹਿਣ ਕਾਰਨ ਤਕਰੀਬਨ 35 ਲੋਕ ਮਲਬੇ ਹੇਠ ਦੱਬ ਗਏ ਸਨ।


ਅਸਮ ਰਾਈਫ਼ਲ ਦੇ ਤਕਰੀਬਨ 30 ਜਵਾਨ ਆਪਣੇ ਪਰਿਵਾਰਾਂ ਨਾਲ ਡਗਸ਼ਈ ਤੋਂ ਪਾਰਟੀ ਕਰਨ ਇੱਥੇ ਆਏ ਸਨ। ਰਸਤੇ ਵਿੱਚ ਰੋਟੀ ਖਾਣ ਲਈ ਇਸ ਢਾਬੇ 'ਤੇ ਰੁਕੇ ਸਨ ਅਤੇ ਇਸ ਸਮੇਂ ਦੌਰਾਨ ਇਹ ਹਾਦਸਾ ਵਾਪਰ ਗਿਆ। ਹਿਮਾਚਲ ਪ੍ਰਦੇਸ਼ 'ਚ ਵੀ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਹੈ, ਜ਼ਿਆਦਾ ਮੀਂਹ ਪੈਣ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ। ਘਟਨਾ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਜਾਰੀ ਹਨ।


ਸੋਲਨ ਦੇ ਡਿਪਟੀ ਕਮਿਸ਼ਨਰ ਕੇ.ਸੀ. ਚਮਨ ਨੇ ਦਸਿਆ ਕਿ ਇਮਾਰਤ ਵਿੱਚ 37 ਜਣੇ ਫਸ ਗਏ ਸਨ ਅਤੇ ਹੁਣ ਤਕ 27 ਨੂੰ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲੇ ਵੀ ਕੁਝ ਲੋਕ ਮਲਬੇ ਹੇਠ ਦੱਬੇ ਹੋਏ ਹਨ। ਮਲਬੇ ਹੇਠੋਂ ਕੱਢੇ ਗਏ ਵਿਅਕਤੀਆਂ ਨੂੰ ਕਾਫੀ ਸੱਟਾਂ ਵੱਜੀਆਂ ਹਨ ਤੇ ਕਈਆਂ ਦੀ ਹਾਲਤ ਨਾਜ਼ੁਕ ਵੀ ਹੈ।


ਸੂਬੇ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਮੁੱਖ ਮੰਤਰੀ ਕੁਝ ਸਮਾਂ ਪਹਿਲਾਂ ਹੀ ਘਟਨਾ ਸਥਾਨ ਦਾ ਦੌਰਾ ਕਰਕੇ ਗਏ ਹਨ। ਫ਼ੌਜ, ਕੇਂਦਰੀ ਰਿਜ਼ਰਵ ਪੁਲਿਸ ਬਲ (CRPF), ਪੁਲਿਸ ਅਤੇ ਕੌਮੀ ਆਫ਼ਤ ਪ੍ਰਬੰਧਨ ਬਲ (NDRF) ਦੀਆਂ ਟੀਮਾਂ ਬਚਾਅ ਕਾਰਜਾਂ ਵਿੱਚ ਰੁੱਝੀਆਂ ਹੋਈਆਂ ਹਨ।