ਮੁੰਬਈ: ਮੁੰਬਈ ਅਦਾਲਤ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸੱਤ ਹੋਰਾਂ ਨੂੰ 2014 ਵਿੱਚ ਲੋਕਸਭਾ ਚੋਣਾਂ ਤੋਂ ਪਹਿਲਾਂ ਕਥਿਤ ਤੌਰ ’ਤੇ ਪੁਲਿਸ ਕੋਲੋਂ ਜ਼ਰੂਰੀ ਮਨਜ਼ੂਰੀ ਲਏ ਬਿਨ੍ਹਾਂ ਸਿਆਸੀ ਰੈਲੀ ਕਰਨ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ।

ਪੁਲਿਸ ਤੋਂ ਪਹਿਲਾਂ ਮਨਜ਼ੂਰੀ ਲਏ ਬਿਨ੍ਹਾਂ ਜਨਤਕ ਰੈਲੀ ਕਰਨ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ 7 ਹੋਰਾਂ ਖ਼ਿਲਾਫ਼ ਮਹਾਂਰਾਸ਼ਟਰ ਪੁਲਿਸ ਐਕਟ ਦੇ ਵੱਖ-ਵੱਖ ਪ੍ਰਬੰਧਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਮੈਜਿਸਟਰੇਟ ਪੀ ਕੇ ਦੇਸ਼ਪਾਂਡੇ ਨੇ ਕੇਜਰੀਵਾਲ ਤੇ ਹੋਰਾਂ ਨੂੰ ਬਰੀ ਕਰਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਪੁਲਿਸ ਨੇ ਮੁਲਜ਼ਮਾਂ ਨੂੰ ਰੈਲੀ ਲਈ ਮਨਾਹੀ ਨੂੰ ਲਿਖਿਤ ਰੂਪ ਵਿੱਚ ਨੋਟਿਸ ਨਹੀਂ ਦਿੱਤਾ। ਉੱਤਰ ਪੂਰਬ ਮੁੰਬਈ ਦੇ ਇਲਾਕਾ ਮਾਨਖੁਰਦ ਵਿੱਚ ਇਹ ਰੈਲੀ ‘ਆਪ’ ਉਮੀਦਵਾਰ ਮੀਰਾ ਸੰਨਿਆਲ ਤੇ ਮੇਘਾ ਪਾਟਕਰ ਦੇ ਚੋਣ ਪ੍ਰਚਾਰ ਤਹਿਤ ਕਰਾਈ ਗਈ ਸੀ।

ਮੁੰਬਈ ਪੁਲਿਸ ਨੇ ਇਸ ਮਾਮਲੇ ਸਬੰਧੀ ਦਾਅਵਾ ਕੀਤਾ ਸੀ ਕਿ ਰੈਲੀ ਨਿਰਧਾਰਿਤ ਨਹੀਂ ਸੀ ਤੇ ਪੁਲਿਸ ਦੀ ਮਨਜ਼ੂਰੀ ਲਏ ਬਿਨ੍ਹਾਂ ਕੀਤੀ ਗਈ ਸੀ। ਮਾਰਚ, 2014 ਵਿੱਚ ਕੇਜਰੀਵਾਲ ਤੇ ਹੋਰਾਂ ਖ਼ਿਲਾਫ਼ ਉਪਨਗਰੀ ਮਾਨਖੁਰਦ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਸੀ। ਕੇਜਰੀਵਾਲ, ਸਨਿਆਲ ਤੇ ਹੋਰ ਮੁਲਜ਼ਮ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਮੌਜੂਦ ਰਹੇ ਜਦਕਿ ਪਾਟਕਰ ਗੈਰਹਾਜ਼ਰ ਸੀ।