ਨਵੀਂ ਦਿੱਲੀ: ਐਪਲ ਨੇ ਆਪਣਾ ਫਲੈਗਸ਼ਿਪ ਸਮਾਰਟਫ਼ੋਨ ਆਈਫ਼ੋਨ XS ਤੇ ਆਈਫ਼ੋਨ XS Max ਨੂੰ ਇਸੇ ਮਹੀਨੇ ਹੀ ਲੌਂਚ ਕੀਤਾ ਸੀ। ਲੌਂਚ ਸਮੇਂ ਕੰਪਨੀ ਨੇ ਕਿਹਾ ਸੀ ਕਿ ਭਾਰਤ ਵਿੱਚ 28 ਸਤੰਬਰ ਤੋਂ ਵਿਕਰੀ ਲਈ ਉਪਲਬਧ ਹੋਣਗੇ। ਆਖਰਕਾਰ ਭਾਰਤ ਦੇ ਐਪਲ ਪ੍ਰਸ਼ੰਸਕਾਂ ਲਈ ਉਹ ਦਿਨ ਆ ਹੀ ਗਿਆ ਹੈ।


ਭਾਰਤ ਵਿੱਚ ਦੋਵੇਂ ਫ਼ੋਨ ਫਲਿੱਪਕਾਰਟ, ਪੇਅਟੀਐਮ ਮਾਲ, ਰਿਲਾਇੰਸ ਜੀਓ ਤੇ ਕ੍ਰੋਮਾ ਜਿਹੇ ਆਨਲਾਈਨ ਤੇ ਆਫ਼ਲਾਈਨ ਸਟੋਰ ਪ੍ਰੀ ਆਡਰ ਲੈ ਰਹੇ ਹਨ। iPhone XS ਤੇ iPhone XS Max ਦੀ ਸੇਲ ਅੱਜ ਸ਼ਾਮ ਛੇ ਵਜੇ ਤਕ ਸ਼ੁਰੂ ਹੋਵੇਗੀ। ਵਿਕਰੀ ਦੇ ਨਾਲ ਹੀ ਆਈਫ਼ੋਨ 'ਤੇ ਆਫ਼ਰ ਮਿਲ ਰਹੇ ਹਨ ਤੇ ਨਾਲ ਹੀ ਕਿਸ਼ਤਾਂ ਯਾਨੀ ਈਐਮਆਈ ਦੀ ਸੁਵਿਧਾ ਵੀ ਹੈ। ਸਿਟੀ ਬੈਂਕ ਤੇ ਐਕਸਿਜ਼ ਬੈਂਕ ਦੇ ਕ੍ਰੈਡਿਟ ਕਾਰਡ ਧਾਰਕਾਂ ਲਈ 5 ਫ਼ੀਸਦ ਕੈਸ਼ਬੈਕ ਵੀ ਦਿੱਤਾ ਜਾ ਰਿਹਾ ਹੈ।

ਮਸ਼ਹੂਰ ਨੈੱਟਵਰਕ ਸੇਵਾਦਾਤਾ ਕੰਪਨੀ ਏਅਰਟੈੱਲ ਇਨ੍ਹਾਂ ਆਈਫ਼ੋਨਾਂ ਨੂੰ ਤੁਹਾਡੇ ਦਰਾਂ ਤਕ ਪਹੁੰਚਾਵੇਗੀ। ਏਅਰਟੈੱਲ ਸਟੋਰ ਤੋਂ Apple iPhone XS ਜਾਂ iPhone XS Max ਬੁੱਕ ਕਰਨ ਵਾਲਿਆਂ ਨੂੰ ਪੰਜ ਫ਼ੀਸਦ ਕੈਸ਼ਬੈਕ ਵੀ ਦਿੱਤਾ ਜਾਵੇਗਾ, ਜਦਕਿ ਪੇਅਟੀਐਮ ਮਾਲ 7,000 ਰੁਪਏ ਦਾ ਐਕਸਚੇਂਜ ਆਫ਼ਰ ਵੀ ਦੇ ਰਿਹਾ ਹੈ।

ਆਈਫ਼ੋਨ XS ਦੀ ਕੀਮਤ 99,000 ਰੁਪਏ (64 ਜੀਬੀ), 1,14,900 ਰੁਪਏ (256 ਜੀਬੀ) ਤੇ 1,34,900 ਰੁਪਏ (512 ਜੀਬੀ) ਰੁਪਏ ਹੈ। ਦੂਜੇ ਪਾਸੇ iPhone XS Max ਲਈ 1,09,900 ਰੁਪਏ (64 ਜੀਬੀ), 1,24,900 ਰੁਪਏ (256 ਜੀਬੀ) ਤੇ 1,44,900 ਰੁਪਏ (512 ਜੀਬੀ) ਦੀ ਕੀਮਤ ਚੁਕਾਉਣੀ ਹੋਵੇਗੀ।