ਨਵੀਂ ਦਿੱਲੀ: ਭਾਰਤ-ਚੀਨ ਵਿਚਾਲੇ ਅਸਲ ਕੰਟਰੋਲ ਰੇਖਾ (ਐਲਏਸੀ) ਦੀ ਨਿਗਰਾਨੀ ਲਈ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਦੀਆਂ 7 ਬਟਾਲੀਅਨਾਂ ਬਣਨਗੀਆਂ। ਕੇਂਦਰੀ ਕੈਬਨਿਟ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਨਵੀਆਂ ਬਟਾਲੀਅਨਾਂ ਵਿੱਚ 9,400 ਜਵਾਨ ਸ਼ਾਮਲ ਹੋਣਗੇ। 


 


ਸਰਕਾਰੀ ਅਧਿਕਾਰੀਆਂ ਮੁਤਾਬਕ ਇਸ ਪ੍ਰਸਤਾਵ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਮਗਰੋਂ ਮਨਜ਼ੂਰੀ ਦਿੱਤੀ ਗਈ ਹੈ। ਸਰਕਾਰ ਵੱਲੋਂ ਨਵੀਂ ਮਨਜ਼ੂਰੀ ਮੁਤਾਬਕ ਇਨ੍ਹਾਂ ਨਵੀਆਂ ਬਟਾਲੀਅਨਾਂ ਨੂੰ ਐਲਏਸੀ ’ਤੇ ਨਵੀਆਂ 47 ਸਰਹੱਦੀ ਪੋਸਟਾਂ ਤੇ ਫ਼ੌਜੀ ਟਿਕਾਣਿਆਂ ’ਤੇ ਤਾਇਨਾਤ ਕੀਤਾ ਜਾਵੇਗਾ। 


 


ਦੱਸ ਦਈਏ ਕਿ ਲੱਦਾਖ ਵਿੱਚ 2020 ਤੋਂ ਭਾਰਤ ਤੇ ਚੀਨ ਦੀਆਂ ਫੌਜਾਂ ਵਿਚਾਲੇ ਤਣਾਅ ਬਣਿਆ ਹੋਇਆ ਹੈ। ਆਈਟੀਬੀਪੀ, ਜਿਸ ਵਿੱਚ ਲੱਗਪਗ 90000 ਜਵਾਨ ਸ਼ਾਮਲ ਹਨ, ਦੀ ਸਥਾਪਨਾ 1962 ਵਿੱਚ ਚੀਨ ਦੇ ਹਮਲੇ ਮਗਰੋਂ ਹੋਈ ਸੀ ਤੇ ਇਸ ਦਾ ਕੰਮ ਭਾਰਤ ਦੇ ਪੂਰਬ ਵਿੱਚ 3,488 ਕਿਲੋਮੀਟਰ ਲੰਮੀ ਅਸਲ ਕੰਟਰੋਲ ਰੇਖਾ ਦੀ ਰਾਖੀ ਕਰਨਾ ਹੈ। 


 


ਜ਼ਿਕਰ ਕਰ ਦਈਏ ਕਿ ਇਸ ਦੇ ਨਾਲ ਹੀ ਕੇਂਦਰੀ ਕੈਬਨਿਟ ਨੇ ਲੱਦਾਖ ਦੇ ਸਰਹੱਦੀ ਇਲਾਕਿਆਂ ਤੱਕ ਹਰ ਮੌਸਮ ਵਿੱਚ ਪਹੁੰਚ ਬਣਾਉਣ ਦੇ ਮਕਸਦ ਨਾਲ ਨਿਮੂ-ਪਦਮ-ਦਾਰਚਾ ਰੋਡ ’ਤੇ 4.1 ਕਿਲੋਮੀਟਰ ਲੰਮੀ ਸ਼ਿੰਕੁਨ ਲਾ ਸੁਰੰਗ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। 


 


ਇਸ ਬਾਰੇ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਸੁਰੰਗ ਨਿਰਮਾਣ ਦਾ ਕੰਮ ਦਸੰਬਰ 2025 ਤੱਕ ਪੂਰਾ ਹੋਵੇਗਾ ਜਿਸ ’ਤੇ 1681 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਸ਼ਿੰਕੁਨ ਲਾ ਸੁਰੰਗ ਲੱਦਾਖ ਨਾਲ ਹਰ ਮੌਸਮ ਵਿੱਚ ਸੜਕੀ ਸੰਪਰਕ ਮੁਹੱਈਆ ਕਰਵਾਏਗੀ ਅਤੇ ਦੇਸ਼ ਦੇ ਹੋਰ ਹਿੱਸਿਆਂ ਤੋਂ ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਸਰਹੱਦੀ ਇਲਾਕਿਆਂ ਤੱਕ ਪਹੁੰਚ ਲਈ ਇਹ ਸਭ ਤੋਂ ਛੋਟਾ ਰਸਤਾ ਹੋਵੇਗਾ।


 


ਇਹ ਵੀ ਪੜ੍ਹੋ:ਕੇਂਦਰ ਸਰਕਾਰ ਦਾ ਕਿਸਾਨਾਂ ਲਈ ਵੱਡਾ ਫੈਸਲਾ, ਦੇਸ਼ 'ਚ ਹੋਣਗੀਆਂ 2 ਲੱਖ ਨਵੀਆਂ ਪੀਏਸੀਐੇਸ, ਕਿਸਨਾਂ ਨੂੰ ਮਿਲਣਗੀਆਂ 25 ਸਹੂਲਤਾਂ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।