ਚੇਨਈ: ਲਿਬਨਾਨ ਦੀ ਰਾਜਧਾਨੀ ਬੇਰੂਤ '2750 ਟਨ ਅਮੋਨੀਅਮ ਨਾਈਟ੍ਰੇਟ ਕਾਰਨ ਹੋਏ ਧਮਾਕੇ 'ਚ ਕਈ ਲੋਕ ਮਾਰੇ ਗਏ ਤੇ ਹਜ਼ਾਰਾਂ ਜ਼ਖਮੀ ਹੋ ਗਏ। ਇਸ ਧਮਾਕੇ ਕਾਰਨ ਲਿਬਨਾਨ ਦੀ ਰਾਜਧਾਨੀ ਦਾ ਵੱਡਾ ਹਿੱਸਾ ਤਬਾਹ ਹੋ ਗਿਆ। ਉਧਰ, ਭਾਰਤ ਦੇ ਚੇਨਈ ਵਿੱਚ 740 ਟਨ ਅਮੋਨੀਅਮ ਨਾਈਟ੍ਰੇਟ ਦੇ ਭੰਡਾਰਨ ਬਾਰੇ ਚਿੰਤਾ ਵਧ ਗਈ ਹੈ।


ਦਰਅਸਲ, ਪਿਛਲੇ ਕਈ ਸਾਲਾਂ ਤੋਂ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਬਾਹਰੀ ਹਿੱਸੇ ਵਿੱਚ 740 ਟਨ ਵਿਸਫੋਟਕ ਕੈਮੀਕਲ ਸਟੋਰ ਕੀਤਾ ਗਿਆ ਹੈ। ਇਸ ਨੂੰ ਕਸਟਮ ਵਿਭਾਗ ਅਧੀਨ ਬਰਾਮਦ ਕੀਤਾ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਮੋਨੀਅਮ ਨਾਈਟ੍ਰੇਟ ਦੇ ਨਿਬੇੜੇ ਲਈ ਈ-ਨੀਲਾਮੀ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਨੂੰ 2015 ਵਿੱਚ ਚੇਨਈ ਬੰਦਰਗਾਹ 'ਤੇ ਜ਼ਬਤ ਕੀਤਾ ਗਿਆ ਸੀ ਤੇ ਉਦੋਂ ਤੋਂ ਉੱਥੇ ਪਿਆ ਹੈ।

ਚੇਨਈ ਪੋਰਟ ਦੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀ ਨੇ ਕਿਹਾ ਹੈ ਕਿ ਲਗਪਗ 36 ਡੱਬੇ ਜ਼ਬਤ ਕੀਤੇ ਗਏ ਹਨ ਜਿਸ ਵਿੱਚੋਂ ਹਰੇਕ ਵਿੱਚ ਲਗਪਗ 20 ਟਨ ਅਮੋਨੀਅਮ ਨਾਈਟ੍ਰੇਟ ਰੱਖਿਆ ਗਿਆ ਸੀ। ਅਧਿਕਾਰੀ ਦਾ ਕਹਿਣਾ ਹੈ ਕਿ ਇਸ ਨੂੰ ਕਾਫ਼ੀ ਸਮੇਂ ਪਹਿਲਾਂ ਇੱਥੋਂ ਤਬਦੀਲ ਕਰ ਦਿੱਤਾ ਗਿਆ ਸੀ ਤੇ ਹੁਣ ਉਹ ਕਸਟਮ ਵਿਭਾਗ ਦੇ ਅਧੀਨ ਹੈ।

ਕਸਟਮ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਸਾਡੇ ਕੋਲ ਕੰਟੇਨਰ ਡਿਪੂ ਵਿੱਚ ਅਮੋਨੀਅਮ ਨਾਈਟ੍ਰੇਟ ਹੈ। ਅਸੀਂ ਇਸ ਨੂੰ ਖ਼ਤਮ ਕਰਨ ਲਈ ਕੰਮ ਕਰ ਰਹੇ ਹਾਂ। ਅਧਿਕਾਰੀ ਨੇ ਵਿਸਫੋਟਕ ਰਸਾਇਣਾਂ ਦੇ ਨਿਬੇੜੇ ਵਿੱਚ ਦੇਰੀ ਤੋਂ ਵੀ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ, "ਇਹ ਮਾਮਲਾ ਅਦਾਲਤ ਵਿੱਚ ਗਿਆ, ਜਿਸ ਨੇ ਪਿਛਲੇ ਸਾਲ ਨਵੰਬਰ ਵਿੱਚ ਆਪਣਾ ਫੈਸਲਾ ਸੁਣਾਇਆ। ਅਸੀਂ ਰਸਾਇਣਾਂ ਦੀ ਈ-ਨਿਲਾਮੀ ਦਾ ਪ੍ਰਬੰਧ ਕਰ ਰਹੇ ਹਾਂ।"

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904