ਚੰਡੀਗੜ੍ਹ: ਲੰਘੀ ਦੇਰ ਰਾਤ ਮਨਾਲੀ-ਚੰਡੀਗੜ੍ਹ ਕੌਮੀ ਮਾਰਗ 'ਤੇ ਸਵਰਘਾਟ ਨਾਂ ਦੇ ਕਸਬੇ ਵਿੱਚ ਕਾਰ ਦੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ 8 ਜਣਿਆਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖ਼ਮੀ ਹੈ। ਮਰਨ ਵਾਲੇ ਅੰਮ੍ਰਿਤਸਰ ਦੇ ਪਿੰਡ ਕਾਲੇ ਘਾਨਪੁਰ ਦੇ ਰਹਿਣ ਵਾਲੇ ਹਨ ਜੋ ਮਨੀਕਰਨ ਸਾਹਿਬ ਦੀ ਯਾਤਰਾ ਤੋਂ ਵਾਪਸ ਘਰ ਪਰਤ ਰਹੇ ਸਨ।



ਪ੍ਰਾਪਤ ਜਾਣਕਾਰੀ ਮੁਤਾਬਕ ਪਹਾੜੀ ਸੜਕ ਕੰਢੇ ਲੱਗੀਆਂ ਰੋਕਾਂ (ਬੈਰੀਕੇਡਜ਼) ਨੂੰ ਤੋੜਦੀ ਹੋਈ ਹੇਠਾਂ ਜਾ ਡਿੱਗੀ। ਚਸ਼ਮਦੀਦਾਂ ਮੁਤਾਬਕ ਹਾਦਸੇ ਦਾ ਸ਼ਿਕਾਰ ਇਨੋਵਾ ਗੱਡੀ ਵਿੱਚ ਸਮਰੱਥਾ ਤੋਂ ਵੱਧ ਸਵਾਰ ਸਨ ਤੇ ਸੜਕ ਦੇ ਮੋੜ 'ਤੇ ਆਪਣਾ ਸੰਤੁਲਨ ਗੁਆ ਬੈਠੀ। ਸਥਾਨਕ ਲੋਕ ਫੌਰਨ ਪੀੜਤਾਂ ਨੂੰ ਬਚਾਉਣ ਲਈ ਬਹੁੜੇ ਪਰ ਕਾਰ ਵਿੱਚੋਂ ਮੁਸਾਫਰਾਂ ਨੂੰ ਕੱਢਣ ਵਿੱਚ ਕਾਫੀ ਮੁਸ਼ਕਲ ਹੋਈ।

ਜ਼ਖ਼ਮੀ ਵਿਅਕਤੀ ਨੂੰ ਨਾਲਾਗੜ੍ਹ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਆਪਸ ਵਿੱਚ ਨਜ਼ਦੀਕੀ ਰਿਸ਼ਤੇਦਾਰ ਸਨ। ਹਾਲੇ ਮ੍ਰਿਤਕਾਂ ਦੀ ਸ਼ਨਾਖ਼ਤ ਹੋਣਾ ਬਾਕੀ ਹੈ।