ਨਵੀਂ ਦਿੱਲੀ" 'ਏਬੀਪੀ ਨਿਊਜ਼' ਦੀ ਖਬਰ ਦਾ ਵੱਡਾ ਅਸਰ ਹੋਇਆ ਹੈ। ਹੋਲੀ ਤੋਂ ਪਹਿਲਾਂ ਐਸਐਸਸੀ ਸੀਜੀਐਲ ਟੀਅਰ-ਟੂ ਦੇ ਪੇਪਰਾਂ ਵਿੱਚ ਹੋਈ ਗੜਬੜ ਖਿਲਾਫ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੀਆਂ ਮੰਗਾਂ ਕਮਿਸ਼ਨ ਨੇ ਮੰਨ ਲਈਆਂ ਹਨ। ਹੁਣ ਗੜਬੜ ਦੀ ਸ਼ੁਰੂਆਤੀ ਜਾਂਚ ਸੀਬੀਆਈ ਤੇ ਸੀਐਫਐਸਐਲ ਕਰੇਗੀ। ਜੇਕਰ ਇਸ ਵਿੱਚ ਗੜਬੜ ਸਾਹਮਣੇ ਆਉਂਦੀ ਹੈ ਤਾਂ ਪੂਰੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਜਾਵੇਗੀ।

ਹੋਲੀ ਦੇ ਫੈਸਟੀਵਲ 'ਤੇ ਘਰ-ਪਰਿਵਾਰ ਛੱਡ ਕੇ ਦਿੱਲੀ ਵਿੱਚ ਇਹ ਵਿਦਿਆਰਥੀ ਕਰਮਚਾਰੀ ਸਿਲੈਕਸ਼ਨ ਕਮਿਸ਼ਨ ਦੇ ਦਫਤਰ ਬਾਹਰ ਪਿਛਲੇ ਚਾਰ ਦਿਨਾਂ ਤੋਂ ਮੁਜ਼ਾਹਰਾ ਕਰ ਰਹੇ ਸਨ। ਐਸਐਸਸੀ ਚੇਅਰਮੈਨ ਨੇ ਸੀਬੀਆਈ ਜਾਂਚ ਨੂੰ ਮਨਜ਼ੂਰੀ ਦਿੰਦੇ ਹੋਏ ਕਿਹਾ ਹੈ ਕਿ ਵਿਦਿਆਰਥੀ ਆਪਣਾ ਪ੍ਰਦਰਸ਼ਨ ਹੁਣ ਬੰਦ ਕਰ ਸਕਦੇ ਹਨ।

ਐਸਐਸਸੀ ਪ੍ਰੀਖਿਆ ਵਿੱਚ ਗੜਬੜ ਦੇ ਇਲਜ਼ਾਮਾਂ 'ਤੇ 'ਏਬੀਪੀ ਨਿਊਜ਼' ਨੇ ਆਪਣੇ ਸ਼ੋਅ 'ਘੰਟੀ ਬਜਾਓ' ਵਿੱਚ 28 ਫਰਵਰੀ ਨੂੰ ਇਸ 'ਤੇ ਰਿਪੋਰਟ ਵਿਖਾਈ ਸੀ। ਕਰਮਚਾਰੀ ਸਿਲੈਕਸ਼ਨ ਕਮਿਸ਼ਨ ਵੱਲੋਂ ਫਰਵਰੀ ਵਿੱਚ ਕੰਬਾਇੰਡ ਗ੍ਰੈਜੂਏਟ ਲੈਵਲ ਦੇ ਪੇਪਰ ਲਏ ਗਏ ਸਨ। ਇਸ ਵਿੱਚ 1,89,843 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਮੁਲਕ ਵਿੱਚ ਵੱਖ-ਵੱਖ ਕੇਂਦਰਾਂ 'ਤੇ 17 ਤੋਂ 22 ਫਰਵਰੀ ਵਿਚਾਲੇ ਆਨਲਾਈਨ ਭਰਤੀ ਪ੍ਰੀਖਿਆ ਹੋਈ ਸੀ।

ਇਲਜ਼ਾਮ ਹੈ ਕਿ ਪ੍ਰੀਖਿਆ ਦੇਣ ਤੋਂ ਬਾਅਦ ਜਦ ਬਾਹਰ ਆਏ ਤਾਂ ਪਤਾ ਲੱਗਿਆ ਕਿ ਇਸ ਦਾ ਪੇਪਰ ਤਾਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਮੌਜੂਦ ਸੀ। ਬੱਚਿਆਂ ਦਾ ਕਹਿਣਾ ਸੀ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।