ਪਠਾਨਕੋਟ: ਭਾਰਤੀ ਹਵਾਈ ਸੈਨਾ ਦੀ ਲੜਾਕੂ ਤਾਕਤ ਵਧਾਉਣ ਲਈ ਅੱਠ ਅਮਰੀਕੀ ਨਿਰਮਾਣ ‘ਅਪਾਚੇ ਏਐਚ-64 ਈ’ ਲੜਾਕੂ ਹੈਲੀਕਾਪਟਰ ਨੂੰ ਅੱਜ ਹਵਾਈ ਸੈਨਾ ‘ਚ ਸ਼ਾਮਲ ਕੀਤਾ ਗਿਆ। ਏਅਰ ਚੀਫ਼ ਮਾਰਸ਼ਲ ਬੀਐਸ ਧਨੌਆ ਪਠਾਨਕੋਟ ਏਅਰਫੋਰਸ ਸਟੇਸ਼ਨ ‘ਤੇ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਪਹੁੰਚੇ।

ਅਪਾਚੇ' ਏਐਚ-64 ਈ ਦੁਨੀਆ ਦੇ ਸਭ ਤੋਂ ਵਧੀਆ ਮਲਟੀ ਪਰਪਸ ਲੜਾਕੂ ਹੈਲੀਕਾਪਟਰ ਹਨ ਤੇ ਅਮਰੀਕੀ ਸੈਨਾ ਇਸ ਦਾ ਇਸਤੇਮਾਲ ਕਰਦੀ ਹੈ। ਅੱਠ ਅਪਾਚੇ ਆਈਏਐਫ ‘ਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨਾਲ ਲੜਾਕੂ ਤਾਕਤ ਵਧ ਗਈ ਹੈ।

ਆਈਏਐਫ ਨੇ ‘ਅਪਾਚੇ ਹੈਲੀਕਾਪਟਰ’ ਲਈ ਅਮਰੀਕੀ ਸਰਕਾਰ ਤੇ ਬੋਇੰਗ ਲਿਮਟਿਡ ਨਾਲ ਸਤੰਬਰ 2015 ‘ਚ ਅਰਬਾਂ ਡਾਲਰ ਦੀ ਡੀਲ ਕੀਤੀ ਸੀ। ਇਸ ਤਹਿਤ 27 ਜੁਲਾਈ ਨੂੰ 22 ਹੈਲੀਕਾਪਟਰਾਂ ਵਿੱਚੋਂ ਪਹਿਲੇ ਚਾਰ ਹੈਲੀਕਾਪਟਰ ਦਿੱਤੇ ਗਏ ਸੀ।



ਪਾਕਿਸਤਾਨ ਵੱਲੋਂ ਪ੍ਰੋਕਸੀ ਵਾਰ ਝੱਲ ਰਹੇ ਭਾਰਤ ਇਨ੍ਹਾਂ ਅਟੈਕ ਹੈਲੀਕਾਪਟਰਾਂ ਦਾ ਇਸਤੇਮਾਲ ਐਲਓਸੀ ‘ਤੇ ਅੱਤਵਾਦੀਆਂ ਦੇ ਲੌਂਚ-ਪੈਡ ਤੇ ਟਿਕਾਣਿਆਂ ‘ਤੇ ਹਮਲਾ ਕਰਨ ਲਈ ਕਰ ਸਕਦਾ ਹੈ। ਇਨ੍ਹਾਂ ਅਪਾਚੇ ਹੈਲੀਕਾਪਟਰਾਂ ‘ਚ ਪ੍ਰੇਸ਼ੀਅਨ ਹੈਲਫਾਇਰ ਮਿਸਾਇਲ ਤੇ ਰਾਕੇਟ ਲੱਗੇ ਹਨ। ਇੱਕ ਅਪਾਚੇ ‘ਚ ਇਸ ਤਰ੍ਹਾਂ ਦੇ ਅੱਠ ਹੈਲਫਾਇਰ ਮਿਸਾਇਲ ਤੇ 19-19 ਰਾਕੇਟ ਦੇ ਦੋ ਪੌਡ ਲੱਗੇ ਹਨ। ਇਸ ‘ਚ ਲੱਗੀ ਕੈਨਨ-ਗਨ ਇਕੱਠੇ 1200 ਰਾਉਂਡ ਫਾਇਰ ਕਰ ਸਕਦੀ ਹੈ।

ਇਹ ਹੈਲੀਕਾਪਟਰ ਦਿਨ ਰਾਤ ਤੇ ਕਿਸੇ ਵੀ ਮੌਸਮ ‘ਚ ਆਪ੍ਰੇਸ਼ਨ ਕਰ ਸਕਦੇ ਹਨ। ਖਾਸ ਕਰ ਉੱਚੀਆਂ ਪਹਾੜੀਆਂ ਤੇ ਅੱਤਵਾਦੀ ਕੈਂਪਾਂ-ਦੁਸ਼ਮਣ ਸੈਨਾ ਦੇ ਟਿਕਾਣਿਆਂ ਤੇ ਛਾਉਣੀਆਂ ‘ਤੇ ਇਹ ਹਮਲਾ ਕਰਨ ‘ਚ ਕਾਬਲ ਹਨ। ਭਾਰਤੀ ਹਵਾਈ ਸੈਨਾ ਨੇ ਪਠਾਨਕੋਟ ‘ਚ ਅਪਾਚੇ ਦੀ ਸਕੌਵਡ੍ਰਨ ਨੂੰ ‘ਗਲੈਡੀਏਟਰ’ ਨਾਂ ਦਿੱਤਾ ਹੈ।