ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਦੂਜੀ ਵਾਰ ਆਪਣੇ ਮੰਤਰੀ-ਮੰਡਲ ਨਾਲ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਸ਼ਾਮ 7 ਵਜੇ ਹੋਏਗਾ ਜਿਸ ਵਿੱਚ ਲਗਪਗ 8 ਹਜ਼ਾਰ ਮਹਿਮਾਨਾਂ ਦੇ ਪੁੱਜਣ ਦਾ ਅੰਦਾਜ਼ਾ ਹੈ। ਇਨ੍ਹਾਂ ਮਹਿਮਾਨਾਂ ਵਿੱਚ ਬਿਮਸਟੈਕ ਗਰੁੱਪ ਦੇ ਦੇਸ਼ਾਂ ਦੇ ਮੰਤਰੀਆਂ ਦੇ ਨਾਲ-ਨਾਲ ਅੰਬੈਸੇਡਰ, ਰਾਜਦੂਤ, ਸੈਲੇਬ੍ਰਿਟੀਜ਼, 100 ਤੋਂ ਵੱਧ ਐਨਆਰਆਈ ਤੇ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹਨ। ਪੱਛਮ ਬੰਗਾਲ ਤੇ ਉੜੀਸਾ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਨਵੀਨ ਪਟਨਾਇਕ ਇਸ ਸਮਾਗਮ ਵਿੱਚ ਹਾਜ਼ਰੀ ਨਹੀਂ ਭਰ ਰਹੇ।


ਪਹਿਲਾਂ ਹਾਈ ਟੀ ਤੇ ਰਾਤ ਵਿੱਚ ਡਿਨਰ

ਸਹੁੰ ਚੁੱਕ ਸਮਾਗਮ ਵਿੱਚ ਆਉਣ ਵਾਲੇ ਪ੍ਰਾਹੁਣਿਆਂ ਨੂੰ ਰਾਸ਼ਟਰਪਤੀ ਭਵਨ ਵੱਲੋਂ ਹਾਈ ਟੀ ਦਿੱਤੀ ਜਾਏਗੀ। ਇਨ੍ਹਾਂ ਵਿੱਚ ਸਮੋਸੇ, ਪਨੀਰ ਨਾਲ ਖਾਧ ਪਦਾਰਥ ਤੇ ਮਿੱਠਾ ਵੀ ਰਹੇਗਾ। ਇਸ ਤੋਂ ਬਾਅਦ ਬਿਮਸਟੈਕ ਗਰੁੱਪ ਦੇ ਦੇਸ਼ਾਂ ਦੇ ਮੰਤਰੀਆਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਰਾਤ ਨੂੰ ਪ੍ਰਾਈਵੇਟ ਡਿਨਰ ਲਈ ਸੱਦਾ ਦੇਣਗੇ। ਰਾਸ਼ਟਰਪਤੀ ਦੇ ਇਸ ਡਿਨਰ ਵਿੱਚ ਕੁਝ ਅਧਿਕਾਰੀਆਂ ਨਾਲ ਪੀਐਮ ਖ਼ੁਦ ਵੀ ਸ਼ਾਮਲ ਰਹਿਣਗੇ।

ਖ਼ਾਸ ਮਹਿਮਾਨਾਂ ਲਈ ਰਾਸ਼ਟਰਪਤੀ ਵੱਲੋਂ ਪ੍ਰਾਈਵੇਟ ਡਿਨਰ

ਰਾਸ਼ਟਰਪਤੀ ਦੇ ਪ੍ਰਾਈਵੇਟ ਡਿਨਰ ਵਿੱਚ ਕੱਲ 35 ਮਹਿਮਾਨ ਸ਼ਾਮਲ ਰਹਿਣਗੇ। ਇਨ੍ਹਾਂ ਦੇ ਖਾਣੇ ਵਿੱਚ ਸ਼ਾਕਾਹਾਰੀ ਤੇ ਮਾਸਾਹਾਰੀ ਦੋਵੇਂ ਤਰ੍ਹਾਂ ਦਾ ਖਾਣਾ ਪਰੋਸਿਆ ਜਾਏਗਾ। ਮੱਛੀ ਤੇ ਮੀਟ ਦਾ ਵੀ ਬੰਦੋਬਸਤ ਕੀਤਾ ਜਾਏਗਾ। ਸ਼ਾਕਾਹਾਰੀਆਂ ਲਈ ਪਾਲਕ ਕੇ ਕਈ ਤਰ੍ਹਾਂ ਦੀਆਂ ਸਬਜ਼ੀਆਂ ਦਾ ਇੰਤਜ਼ਾਮ ਕੀਤਾ ਗਿਆ ਹੈ।

ਮੋਦੀ ਦੇ ਪਿਛਲੇ ਸਹੁੰ ਚੁੱਕ ਸਮਾਗਮ ਦੀ ਗੱਲ ਕੀਤੀ ਜਾਏ ਤਾਂ ਉਸ ਵੇਲੇ ਕੁੱਲ 5 ਹਜ਼ਾਰ ਤੋਂ ਵੱਧ ਮਹਿਮਾਨਾਂ ਨੇ ਸ਼ਿਰਕਤ ਕੀਤੀ ਸੀ। ਉਸ ਵੇਲੇ ਮੋਦੀ ਨੇ ਸਾਰਕ ਸਮੂਹ ਦੇਸ਼ਾਂ ਦੇ ਮੰਤਰੀਆਂ ਨੂੰ ਵੀ ਸੱਦਾ ਦਿੱਤਾ ਸੀ। ਇਸ ਵਾਰ ਖੇਡ ਜਗਤ ਦੀਆਂ ਹਸਤੀਆਂ ਤੋਂ ਇਲਾਵਾ ਫਿਲਮੀ ਸਿਤਾਰੇ ਵੀ ਪੀਐਮ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨਗੇ।