ਨਵੀਂ ਦਿੱਲੀ: ਪਿਛਲੇ ਕੁਝ ਮਹੀਨਿਆਂ ਤੋਂ ਬਿਹਾਰ ਦੇ ਮੁਜ਼ਫਰਪੁਰ ਅਤੇ ਯੂਪੀ ਦੇ ਦੇਵਰੀਆ ਸ਼ੈਲਟਰ ਹੋਮ ‘ਚ ਰਹਿਣ ਵਾਲੀਆਂ ਕੁੜੀਆਂ ਨਾਲ ਸਰੀਰਿਕ ਸੋਸ਼ਣ ਦੀਆਂ ਖ਼ਬਰਾਂ ਕਾਫੀ ਸੁਰਖੀਆਂ ‘ਚ ਰਹੀਆਂ ਹਨ। ਇਨ੍ਹਾਂ ਤੋਂ ਬਾਅਦ ਹੁਣ ਦਿੱਲੀ ‘ਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਸ਼ੇਲਟਰ ਹੋਮ ਤੋਂ 9 ਕੁੜੀਆਂ ਲਾਪਤਾ ਹਨ। ਇਹਨ੍ਹਾਂ ‘ਚ ਅੱਠ ਦੀ ਉਮਰ 18-20 ਸਾਲ ਜਦੋਂ ਇੱਕ ਨਾਬਾਲਗ ਦੱਸੀ ਜਾ ਰਹੀ ਹੈ।


ਅਜੇ ਤਕ ਇਹ ਸਾਫ ਨਹੀਂ ਹੋਇਆ ਹੈ ਕਿ ਕੁੜੀਆਂ ਆਪ ਭੱਜੀਆਂ ਨੇ ਜਾਂ ਉਨ੍ਹਾਂ ਨੂੰ ਕਿਸੇ ਨੇ ਅਗਵਾ ਕੀਤਾ ਹੈ। ਸ਼ੱਕ ਤਾਂ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਇਸ ‘ਚ ਸ਼ੈਲਟਰ ਹੋਮ ਦੇ ਸੁਰਖੀਆ ਕਰਮੀਆਂ ਦੀ ਮਿਲੀਭੁਗਤ ਹੋਵੇ। ਮਾਮਲਾ ਉੱਤਰ-ਪੂਰਵੀ ਦਿੱਲੀ ਦੇ ਦਿਲਸ਼ਾਦ ਗਾਰਡਨ ਦੇ ਇੱਕ ਸ਼ੈਲਟਰ ਹੋਮ ਦਾ ਹੈ। ਜਿੱਥੇ ਸ਼ਨੀਵਾਰ ਨੂੰ ਹਾਜ਼ਰੀ ਲੈਣ ਸਮੇਂ 9 ਕੁੜੀਆਂ ਦੇ ਗਾਈਬ ਹੋਣ ਦੀ ਗੱਲ ਦਾ ਪਤਾ ਲੱਗਿਆ।


ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਜਦੋਂ ਉੱਥੇ ਰਹਿ ਰਹੀ ਇੱਕ ਕੁੜੀ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਇੱਥੇ ਉਨ੍ਹਾਂ ਨਾਲ ਬੁਰਾ ਵਰਤਾਅ ਕੀਤਾ ਜਾਂਦਾ ਹੇ। ਅਜਿਹੇ ‘ਚ ਅੰਦਾਜ਼ਾ ਲੱਗਾਇਆ ਜਾ ਰਿਹਾ ਹੈ ਕਿ ਸ਼ਾਇਦ ਇਸੇ ਕਾਰਨ ਕੁੜੀਆਂ ਇੱਥੋਂ ਭੱਜ ਗਈਆਂ ਹਨ। ਦਿੱਲੀ ਮਹਿਲਾ ਵਿਭਾਗ ਨੂੰ ਇੱਕ ਸਥਾਨਿਕ ਸ਼ਖ਼ਸ ਨੇ ਅਜਿਹੀ ਸੂਚਨਾ ਦਿੱਤੀ ਹੈ ਕਿ ਇਹ ਕੁੜੀਆਂ ਪਹਿਲਾਂ ਵੀ ਮਾਨਵ ਤਸਕਰੀ ਦਾ ਸ਼ਿਕਾਰ ਹੋ ਚੁੱਕੀਆਂ ਹਨ, ਅਜਿਹੇ ‘ਚ ਇਹ ਵੀ ਮੁਮਕਿਨ ਹੈ ਕਿ ਕਿਸੇ ਨੇ ਇਨ੍ਹਾਂ ਨੂੰਅਗਵਾ ਕੀਤਾ ਹੋਵੇ।

ਫਿਲਹਾਲ ਡੀਸੀਡਬਲਯੂ ਦੇ ਮੈਂਬਰ ਸਵਾਤੀ ਨੇ ਇਸ ਮਾਮਲੇ ‘ਚ ਸਬੰਧਿਤ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਲਈ ਦਿੱਲੀ ਦੇ ਉੱਪ-ਮੁੱਖਮੰਤਰੀ ਮਨੀਸ਼ ਸਿਸੋਦੀਆ ਨੂੰ ਚਿੱਠੀ ਲਿੱਖੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ 2 ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਆਦੇਸ਼ ਵੀ ਦਿੱਤੇ ਹਨ।