Heavy Rain in Maharashtra: ਮਹਾਰਾਸ਼ਟਰ 'ਚ ਮੀਂਹ ਕਾਰਨ 76 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦਾ ਇਹ ਅੰਕੜਾ 1 ਜੂਨ ਤੋਂ 7 ਜੁਲਾਈ ਤੱਕ ਦਾ ਹੈ। ਸੂਬੇ ਦੇ ਆਪਦਾ ਪ੍ਰਬੰਧਨ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ। ਇਨ੍ਹਾਂ 'ਚੋਂ ਪਿਛਲੇ 24 ਘੰਟਿਆਂ 'ਚ 9 ਲੋਕਾਂ ਦੀ ਮੌਤ ਹੋ ਗਈ ਹੈ। ਮੁੰਬਈ ਸਮੇਤ ਸੂਬੇ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਦਾ ਕਹਿਰ ਜਾਰੀ ਹੈ।


ਰਾਜ ਦੇ ਆਫ਼ਤ ਪ੍ਰਬੰਧਨ ਵਿਭਾਗ ਦੇ ਅਨੁਸਾਰ, ਮੀਂਹ ਕਾਰਨ ਮਹਾਰਾਸ਼ਟਰ ਵਿੱਚ 838 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ 4916 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਸੂਬੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਲਈ 35 ਰਾਹਤ ਕੈਂਪ ਬਣਾਏ ਗਏ ਹਨ। ਇਸ ਤੋਂ ਇਲਾਵਾ ਮੀਂਹ ਕਾਰਨ 125 ਪਸ਼ੂਆਂ ਦੀ ਵੀ ਮੌਤ ਹੋ ਚੁੱਕੀ ਹੈ।


ਮਹਾਰਾਸ਼ਟਰ ਦੇ ਮਰਾਠਵਾੜਾ ਅਤੇ ਵਿਦਰਭ 'ਚ ਭਾਰੀ ਮੀਂਹ ਕਾਰਨ ਆਏ ਹੜ੍ਹ ਨਾਲ ਘੱਟੋ-ਘੱਟ 130 ਪਿੰਡ ਪ੍ਰਭਾਵਿਤ ਹੋਏ ਹਨ ਅਤੇ 200 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਰਾਹਤ ਦੀ ਗੱਲ ਹੈ ਕਿ ਹੁਣ ਤੱਕ ਕਿਧਰੇ ਵੀ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।


ਭਾਰੀ ਮੀਂਹ ਕਾਰਨ ਪੂਰਬੀ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਦੇ 128 ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। ਰਾਜ ਦੇ ਰਾਹਤ ਅਤੇ ਮੁੜ ਵਸੇਬਾ ਵਿਭਾਗ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਬੁਲੇਟਿਨ ਮੁਤਾਬਕ ਮਰਾਠਵਾੜਾ ਦੇ ਗੜ੍ਹਚਿਰੌਲੀ, ਹਿੰਗੋਲੀ ਅਤੇ ਨਾਂਦੇੜ ਜ਼ਿਲਿਆਂ ਤੋਂ ਇਲਾਵਾ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਵੀ ਭਾਰੀ ਮੀਂਹ ਪਿਆ।


ਦੂਜੇ ਪਾਸੇ, ਹਿੰਗੋਲੀ ਜ਼ਿਲ੍ਹੇ ਦੇ ਵਸਮਤ ਤਾਲੁਕਾ ਵਿੱਚ ਸ਼ਨੀਵਾਰ ਸਵੇਰੇ 8.30 ਵਜੇ ਖਤਮ ਹੋਏ 24 ਘੰਟਿਆਂ ਦੌਰਾਨ 150 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਿੰਗੋਲੀ ਜ਼ਿਲ੍ਹੇ ਦੇ ਦੋ ਪਿੰਡਾਂ ਅਤੇ ਨੇੜਲੇ ਨਾਂਦੇੜ ਜ਼ਿਲ੍ਹੇ ਦੇ ਹਦਗਾਓਂ ਪਿੰਡ, ਜੋ ਆਸਨਾ ਨਦੀ ਦੇ ਕੰਢੇ ਵਸੇ ਹਨ, ਨੂੰ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤਾ ਗਿਆ ਹੈ।


ਦੱਸ ਦੇਈਏ ਕਿ ਭਾਰਤੀ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਵਿੱਚ ਮਹਾਰਾਸ਼ਟਰ ਅਤੇ ਮੁੰਬਈ ਰਾਜ ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਸੂਬੇ 'ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਾਰਿਸ਼ ਜਾਰੀ ਹੈ। ਆਈਐਮਡੀ ਨੇ ਮੁੰਬਈ ਵਿੱਚ ਮੀਂਹ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਵਿੱਚ 10 ਜੁਲਾਈ ਤੱਕ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਦੌਰਾਨ ਲੋਕਾਂ ਦੇ ਬੀਚ 'ਤੇ ਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।