Sri Lanka Crisis: ਵਿੱਤੀ ਸੰਕਟ ਅਤੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਅੱਤ ਦੀ ਮਹਿੰਗਾਈ ਅਤੇ ਆਮ ਲੋੜਾਂ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਹੋ ਰਹੇ ਬੇਤਹਾਸ਼ਾ ਵਾਧੇ ਕਾਰਨ ਲੋਕ ਸੜਕਾਂ ’ਤੇ ਆ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਜਨਤਾ ਦਾ ਗੁੱਸਾ ਇੰਨਾ ਵੱਧ ਗਿਆ ਹੈ ਕਿ ਉਨ੍ਹਾਂ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਭਵਨ 'ਤੇ ਕਬਜ਼ਾ ਕਰ ਲਿਆ ਅਤੇ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਨੂੰ ਅੱਗ ਲਗਾ ਦਿੱਤੀ। ਵਿੱਤੀ ਸੰਕਟ ਕਾਰਨ ਘਰੇਲੂ ਯੁੱਧ ਦੀ ਕਗਾਰ 'ਤੇ ਖੜ੍ਹਾ ਸ੍ਰੀਲੰਕਾ ਦਾ ਦੋਸਤ ਰਿਹਾ ਭਾਰਤ ਅੱਜ ਫਿਰ ਉਸ ਦੇ ਨਾਲ ਖੜ੍ਹਾ ਹੈ।



ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਨੂੰ ਭਾਰਤ ਨੇ ਭਰੋਸਾ ਦਿੱਤਾ ਹੈ। ਭਾਰਤ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਸਮਰਥਨ ਕੀਤਾ ਸੀ ਅਤੇ ਅੱਜ ਵੀ ਅਸੀਂ ਸ਼੍ਰੀਲੰਕਾ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ, ਅਸੀਂ ਹਰ ਸੰਭਵ ਤਰੀਕਿਆਂ ਨਾਲ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਹਮੇਸ਼ਾ ਮਦਦਗਾਰ ਰਹੇ ਹਾਂ। ਉਹ ਆਪਣੀ ਸਮੱਸਿਆ 'ਤੇ ਕੰਮ ਕਰ ਰਹੇ ਹਨ, ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ। ਜੈਸ਼ੰਕਰ ਨੇ ਕਿਹਾ ਕਿ ਸ਼੍ਰੀਲੰਕਾ ਵਿੱਚ ਫਿਲਹਾਲ ਸ਼ਰਨਾਰਥੀ ਸੰਕਟ ਨਹੀਂ ਹੈ।



ਸ਼੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਵੱਲੋਂ ਇੱਕ ਬਿਆਨ ਦਿੱਤਾ ਗਿਆ ਹੈ, ਭਾਰਤ ਇਸ ਔਖੀ ਸਥਿਤੀ ਵਿੱਚ ਵੀ ਆਪਣੀ ਦੋਸਤੀ ਦਾ ਫਰਜ਼ ਨਿਭਾਏਗਾ ਅਤੇ ਅੱਜ ਅਸੀਂ ਸ਼੍ਰੀਲੰਕਾ ਦੇ ਲੋਕਾਂ ਦੇ ਨਾਲ ਖੜੇ ਹਾਂ।


ਕਿਸੇ ਵੀ ਦੇਸ਼ ਨੇ ਨਹੀਂ ਵਧਾਇਆ ਮਦਦ ਦਾ ਹੱਥ 
ਵਿੱਤੀ ਸੰਕਟ ਅਤੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਬਾਵਜੂਦ ਦੁਨੀਆ ਦੇ ਕਿਸੇ ਵੀ ਦੇਸ਼ ਨੇ ਸ਼੍ਰੀਲੰਕਾ ਲਈ ਮਦਦ ਦਾ ਹੱਥ ਨਹੀਂ ਵਧਾਇਆ, ਉੱਥੇ ਹੀ ਭਾਰਤ ਨੇ ਆਪਣਾ ਵੱਡਾ ਦਿਲ ਦਿਖਾਉਂਦੇ ਹੋਏ ਕਿਹਾ ਕਿ ਉਹ ਸ਼੍ਰੀਲੰਕਾ ਦੀ ਹਰ ਸੰਭਵ ਮਦਦ ਕਰੇਗਾ।
ਇਕ-ਇਕ ਕਰਕੇ ਸਾਰੇ ਕੈਬਨਿਟ ਮੰਤਰੀ ਦੇਣਗੇ ਅਸਤੀਫੇ 
ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਨੇ ਸ਼ਨੀਵਾਰ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਅਸਤੀਫਾ ਦੇ ਦਿੱਤਾ, ਜਿਸ ਤੋਂ ਬਾਅਦ ਵਿਦੇਸ਼ ਮੰਤਰੀ ਨੇ ਵੀ ਅਸਤੀਫਾ ਦੇ ਦਿੱਤਾ ਹੈ। ਹੁਣ ਕਿਹਾ ਜਾ ਰਿਹਾ ਹੈ ਕਿ ਵਿਕਰਮਸਿੰਘੇ ਦੀ ਕੈਬਨਿਟ ਦੇ ਸਾਰੇ ਮੰਤਰੀ ਇੱਕ-ਇੱਕ ਕਰਕੇ ਅਸਤੀਫ਼ੇ ਦੇਣਗੇ। ਇਸ ਤੋਂ ਬਾਅਦ 13 ਅਗਸਤ ਨੂੰ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਆਪਣਾ ਅਸਤੀਫਾ ਸੌਂਪ ਦੇਣਗੇ।