Delhi Exit Poll 2025: ਬੁੱਧਵਾਰ ਸ਼ਾਮ ਨੂੰ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਵੋਟਿੰਗ ਖਤਮ ਹੋਣ ਤੋਂ ਬਾਅਦ, 11 ਐਗਜ਼ਿਟ ਪੋਲ ਜਾਰੀ ਕੀਤੇ ਗਏ। ਭਾਜਪਾ ਨੂੰ 9 ਪੋਲ ਵਿੱਚ ਬਹੁਮਤ ਮਿਲਣ ਦੀ ਉਮੀਦ ਹੈ ਜਦੋਂ ਕਿ ਆਮ ਆਦਮੀ ਪਾਰਟੀ (ਆਪ) ਨੂੰ 2 ਪੋਲ ਵਿੱਚ ਸਰਕਾਰ ਬਣਾਉਣ ਦੀ ਉਮੀਦ ਹੈ।
ਪੋਲ ਆਫ਼ ਪੋਲ ਵਿੱਚ, ਭਾਜਪਾ ਨੂੰ 39 ਸੀਟਾਂ, 'ਆਪ' ਨੂੰ 30 ਅਤੇ ਕਾਂਗਰਸ ਨੂੰ ਇੱਕ ਸੀਟ ਮਿਲਦੀ ਦਿਖਾਈ ਦੇ ਰਹੀ ਹੈ। JVC ਤੇ ਪੋਲ ਡਾਇਰੀ ਦੇ ਐਗਜ਼ਿਟ ਪੋਲ ਵਿੱਚ, ਹੋਰਾਂ ਨੂੰ ਵੀ 1-1 ਸੀਟ ਮਿਲਣ ਦੀ ਉਮੀਦ ਹੈ।
ਜੇਕਰ ਭਾਜਪਾ ਨੂੰ ਬਹੁਮਤ ਮਿਲਦਾ ਹੈ ਤਾਂ ਇਹ 27 ਸਾਲਾਂ ਬਾਅਦ ਸੱਤਾ ਵਿੱਚ ਵਾਪਸ ਆਵੇਗੀ। ਇਸ ਤੋਂ ਪਹਿਲਾਂ 1993 ਵਿੱਚ ਭਾਜਪਾ ਨੇ 49 ਸੀਟਾਂ ਜਿੱਤੀਆਂ ਸਨ ਤੇ 5 ਸਾਲਾਂ ਵਿੱਚ 3 ਮੁੱਖ ਮੰਤਰੀ ਬਣਾਏ ਸਨ। ਮਦਨ ਲਾਲ ਖੁਰਾਣਾ, ਸਾਹਿਬ ਸਿੰਘ ਵਰਮਾ ਅਤੇ ਸੁਸ਼ਮਾ ਸਵਰਾਜ ਸ਼ਾਮਲ ਸਨ।
ਤਿੰਨਾਂ ਆਗੂਆਂ ਦੇ ਪੁੱਤਰ ਅਤੇ ਧੀਆਂ ਦਿੱਲੀ ਦੀ ਰਾਜਨੀਤੀ ਵਿੱਚ ਸਰਗਰਮ ਹਨ। ਖੁਰਾਨਾ ਦੇ ਪੁੱਤਰ ਹਰੀਸ਼ ਖੁਰਾਨਾ ਮੋਤੀ ਨਗਰ ਤੋਂ ਚੋਣ ਲੜ ਰਹੇ ਹਨ, ਸਾਹਿਬ ਸਿੰਘ ਵਰਮਾ ਦੇ ਪੁੱਤਰ ਪ੍ਰਵੇਸ਼ ਵਰਮਾ ਨਵੀਂ ਦਿੱਲੀ ਤੋਂ ਚੋਣ ਲੜ ਰਹੇ ਹਨ। ਬਾਂਸਰੀ ਸਵਰਾਜ ਨਵੀਂ ਦਿੱਲੀ ਤੋਂ ਸੰਸਦ ਮੈਂਬਰ ਹਨ।
ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਬੁੱਧਵਾਰ ਨੂੰ 58.06% ਵੋਟਿੰਗ ਹੋਈ। ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। ਸਰਕਾਰ ਬਣਾਉਣ ਲਈ 36 ਸੀਟਾਂ ਦੀ ਲੋੜ ਹੈ।
ਕੀ ਹੁੰਦਾ ਹੈ ਐਗਜ਼ਿਟ ਪੋਲ ?
ਚੋਣਾਂ ਦੌਰਾਨ ਜਨਤਾ ਦਾ ਮੂਡ ਜਾਣਨ ਲਈ ਦੋ ਤਰ੍ਹਾਂ ਦੇ ਸਰਵੇਖਣ ਕੀਤੇ ਜਾਂਦੇ ਹਨ। ਵੋਟਿੰਗ ਤੋਂ ਪਹਿਲਾਂ ਕੀਤੇ ਗਏ ਸਰਵੇਖਣ ਨੂੰ ਓਪੀਨੀਅਨ ਪੋਲ ਕਿਹਾ ਜਾਂਦਾ ਹੈ। ਵੋਟਿੰਗ ਦੌਰਾਨ ਕੀਤੇ ਗਏ ਸਰਵੇਖਣ ਨੂੰ ਐਗਜ਼ਿਟ ਪੋਲ ਕਿਹਾ ਜਾਂਦਾ ਹੈ। ਆਮ ਤੌਰ 'ਤੇ, ਐਗਜ਼ਿਟ ਪੋਲ ਦੇ ਨਤੀਜੇ ਵੋਟਿੰਗ ਦੇ ਆਖਰੀ ਪੜਾਅ ਦੇ ਖਤਮ ਹੋਣ ਤੋਂ ਇੱਕ ਘੰਟੇ ਬਾਅਦ ਜਾਰੀ ਕੀਤੇ ਜਾਂਦੇ ਹਨ।
ਐਗਜ਼ਿਟ ਪੋਲ ਏਜੰਸੀਆਂ ਦੇ ਵਲੰਟੀਅਰ ਵੋਟਿੰਗ ਵਾਲੇ ਦਿਨ ਵੋਟਿੰਗ ਬੂਥਾਂ 'ਤੇ ਮੌਜੂਦ ਹੁੰਦੇ ਹਨ। ਇਹ ਵਲੰਟੀਅਰ ਵੋਟ ਪਾਉਣ ਤੋਂ ਬਾਅਦ ਵਾਪਸ ਆ ਰਹੇ ਲੋਕਾਂ ਤੋਂ ਚੋਣਾਂ ਨਾਲ ਸਬੰਧਤ ਸਵਾਲ ਪੁੱਛਦੇ ਹਨ। ਵੋਟਰਾਂ ਦੇ ਜਵਾਬਾਂ ਦੇ ਆਧਾਰ 'ਤੇ ਇੱਕ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਤਾਂ ਜੋ ਇਹ ਜਾਣਿਆ ਜਾ ਸਕੇ ਕਿ ਵੋਟਰ ਕਿਸ ਪਾਸੇ ਜ਼ਿਆਦਾ ਝੁਕਾਅ ਰੱਖਦੇ ਹਨ। ਇਸ ਆਧਾਰ 'ਤੇ ਚੋਣ ਨਤੀਜਿਆਂ ਦੀ ਭਵਿੱਖਬਾਣੀ ਕੀਤੀ ਜਾਂਦੀ ਹੈ।
ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਫੇਰਿਆ ਹੂੰਝਾ
'ਆਪ' ਅਤੇ ਕਾਂਗਰਸ ਨੇ ਇੰਡੀਆ ਬਲਾਕ ਵਿੱਚ ਦਿੱਲੀ ਦੀਆਂ 7 ਸੀਟਾਂ 'ਤੇ ਲੋਕ ਸਭਾ ਚੋਣਾਂ ਇਕੱਠੀਆਂ ਲੜੀਆਂ। ਇਸ ਤਹਿਤ 'ਆਪ' ਨੇ 4 ਅਤੇ ਕਾਂਗਰਸ ਨੇ 3 ਲੋਕ ਸਭਾ ਸੀਟਾਂ 'ਤੇ ਚੋਣ ਲੜੀ ਸੀ, ਪਰ ਭਾਜਪਾ ਨੇ ਸਾਰੀਆਂ ਸੱਤ ਸੀਟਾਂ 'ਤੇ ਕਬਜ਼ਾ ਕਰ ਲਿਆ ਸੀ।
ਇਨ੍ਹਾਂ ਸਾਰੀਆਂ ਸੀਟਾਂ 'ਤੇ, ਭਾਜਪਾ ਨੂੰ ਕੁੱਲ 54.7% ਵੋਟਾਂ ਮਿਲੀਆਂ, ਜਦੋਂ ਕਿ ਇੰਡੀਆ ਬਲਾਕ ਨੂੰ 43.3% ਵੋਟਾਂ ਮਿਲੀਆਂ। ਸਾਰੀਆਂ ਸੀਟਾਂ 'ਤੇ ਜਿੱਤ ਤੇ ਹਾਰ ਦਾ ਔਸਤ ਫਰਕ 1.35 ਲੱਖ ਸੀ। ਜੇ ਅਸੀਂ ਲੋਕ ਸਭਾ ਦੇ ਵਿਧਾਨ ਸਭਾ ਨਤੀਜਿਆਂ 'ਤੇ ਨਜ਼ਰ ਮਾਰੀਏ ਤਾਂ ਭਾਜਪਾ ਨੂੰ ਸਪੱਸ਼ਟ ਬਹੁਮਤ ਮਿਲਦਾ ਜਾਪਦਾ ਹੈ। ਭਾਜਪਾ 52 ਵਿਧਾਨ ਸਭਾ ਸੀਟਾਂ ਜਿੱਤ ਰਹੀ ਹੈ।
ਹਾਲਾਂਕਿ, 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ, ਭਾਜਪਾ ਨੇ ਸਾਰੀਆਂ ਸੱਤ ਸੀਟਾਂ ਜਿੱਤੀਆਂ ਸਨ ਅਤੇ 65 ਵਿਧਾਨ ਸਭਾ ਸੀਟਾਂ 'ਤੇ ਲੀਡ ਹਾਸਲ ਕੀਤੀ ਸੀ, ਪਰ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ, 'ਆਪ' 62 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ। ਜਦੋਂ ਕਿ ਭਾਜਪਾ ਨੂੰ ਸਿਰਫ਼ 8 ਸੀਟਾਂ ਮਿਲੀਆਂ ਸਨ।
ਇਸੇ ਤਰ੍ਹਾਂ, 2014 ਦੀ ਵਿਸ਼ਾਲ ਮੋਦੀ ਲਹਿਰ ਵਿੱਚ, ਭਾਜਪਾ ਨੇ ਸਾਰੀਆਂ ਸੱਤ ਲੋਕ ਸਭਾ ਸੀਟਾਂ ਜਿੱਤੀਆਂ ਸਨ ਤੇ 60 ਵਿਧਾਨ ਸਭਾ ਸੀਟਾਂ 'ਤੇ ਅੱਗੇ ਸੀ, ਪਰ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ 'ਆਪ' ਨੇ 67 ਸੀਟਾਂ ਜਿੱਤੀਆਂ ਅਤੇ ਭਾਜਪਾ 3 ਸੀਟਾਂ 'ਤੇ ਸਿਮਟ ਗਈ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਤੋਂ ਇਲਾਵਾ, ਕਿਸੇ ਹੋਰ ਪਾਰਟੀ ਨੇ ਦਿੱਲੀ ਵਿੱਚ ਆਪਣਾ ਮੁੱਖ ਮੰਤਰੀ ਚਿਹਰਾ ਐਲਾਨਿਆ ਨਹੀਂ ਹੈ। ਜੇਕਰ 'ਆਪ' ਸੱਤਾ ਵਿੱਚ ਵਾਪਸ ਆਉਂਦੀ ਹੈ ਤਾਂ ਅਰਵਿੰਦ ਕੇਜਰੀਵਾਲ ਦਾ ਮੁੱਖ ਮੰਤਰੀ ਬਣਨਾ ਯਕੀਨੀ ਹੈ। ਜਦੋਂ ਕਿ ਭਾਜਪਾ ਅਤੇ ਕਾਂਗਰਸ ਵੱਲੋਂ ਤਿੰਨ-ਤਿੰਨ ਨਾਮ ਚਰਚਾ ਵਿੱਚ ਹਨ। ਹਾਲਾਂਕਿ, ਕਾਂਗਰਸ ਸਰਕਾਰ ਬਣਾਉਂਦੀ ਨਹੀਂ ਜਾਪਦੀ।
ਭਾਜਪਾ ਨੇ ਹਮੇਸ਼ਾ ਮੁੱਖ ਮੰਤਰੀ ਬਾਰੇ ਲੋਕਾਂ ਨੂੰ ਹੈਰਾਨ ਕੀਤਾ ਹੈ, ਫਿਰ ਵੀ ਆਮ ਲੋਕਾਂ ਵਿੱਚ ਪਰਵੇਸ਼ ਵਰਮਾ, ਰਮੇਸ਼ ਬਿਧੂਰੀ ਅਤੇ ਦੁਸ਼ਯੰਤ ਗੌਤਮ ਦੇ ਨਾਵਾਂ ਦੀ ਚਰਚਾ ਹੋ ਰਹੀ ਹੈ। ਦੂਜੇ ਪਾਸੇ, ਕਾਂਗਰਸ ਵੱਲੋਂ, ਸੂਬਾ ਪ੍ਰਧਾਨ ਦੇਵੇਂਦਰ ਯਾਦਵ, ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਪੁੱਤਰ ਸੰਦੀਪ ਦੀਕਸ਼ਿਤ ਅਤੇ ਮਹਿਲਾ ਕਾਂਗਰਸ ਪ੍ਰਧਾਨ ਅਲਕਾ ਲਾਂਬਾ ਮੁੱਖ ਮੰਤਰੀ ਅਹੁਦੇ ਲਈ ਵੱਡੇ ਦਾਅਵੇਦਾਰ ਹੋ ਸਕਦੇ ਹਨ।