ਮੁੰਬਈ: ਸੀਰਮ ਇੰਸਟੀਟਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਤੇ ਉਨ੍ਹਾਂ ਦੇ ਪਿਵਾਰ ਨੂੰ ਜ਼ੈੱਡ ਪਲੱਸ ਸੁਰੱਖਿਆ ਦੀ ਮੰਗ ਲਈ ਬੰਬੇ ਹਾਈਕੋਰਟ 'ਚ ਪਟੀਸ਼ਨ ਦਾਇਰ ਹੋਈ ਹੈ। ਪੂਨਾਵਾਲਾ ਨੇ ਹਾਲ ਹੀ 'ਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਕੋਵਿਡ ਵੈਕਸੀਨ ਲਈ ਵੱਡੀ ਸੰਖਿਆਂ 'ਚ ਫੋਨ ਕਾਲ ਆ ਰਹੇ ਹਨ ਤੇ ਧਮਕੀਆਂ ਵੀ ਮਿਲ ਰਹੀਆਂ ਹਨ। ਇਹ ਦਾਅਵਾ ਉਨ੍ਹਾਂ ਆਪਣੇ ਪਰਿਵਾਰ ਨਾਲ ਲੰਡਨ ਪਹੁੰਚ ਕੇ ਕੀਤਾ ਸੀ।


ਹੁਣ ਪਟੀਸ਼ਨਕਰਤਾ ਨੇ ਅਦਾਲਤ ਨੂੰ ਕਿਹਾ ਹੈ ਕਿ ਅਦਾਰ ਪੂਨਾਵਾਲਾ ਨੂੰ ਜੋ ਧਮਕੀਆਂ ਮਿਲੀਆਂ ਹਨ ਉਨ੍ਹਾਂ ਦੇ ਆਧਾਰ 'ਤੇ ਉਨ੍ਹਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ। ਸੀਰਮ ਸੰਸਥਾ ਤੇ ਉਨ੍ਹਾਂ ਦੇ ਜਾਇਦਾਦ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਨੂੰ ਇਸ ਮਾਮਲੇ 'ਚ ਐਫਆਈਆਰ ਦਰਜ ਕਰਨ ਦਾ ਆਦੇਸ਼ ਦੇਣ ਦੀ ਵੀ ਮੰਗ ਕੀਤੀ ਹੈ। ਹਾਲਾਂਕਿ ਕੇਂਦਰ ਸਰਕਾਰ ਵੱਲੋਂ ਅਦਾਰ ਪੂਨਾਵਾਲਾ ਨੂੰ ਵਾਏ ਸ਼੍ਰੇਣੀ ਦੀ ਸੁਰੱਖਿਆ ਪਹਿਲਾਂ ਹੀ ਮਿਲੀ ਹੋਈ ਹੈ।


ਪੂਨਾਵਾਲਾ ਨੂੰ ਰਸੂਖਦਾਰ ਲੀਡਰਾਂ ਦੇ ਆ ਰਹੇ ਫੋਨ


ਦੁਨੀਆਂ ਦੀ ਸਭ ਤੋਂ ਵੱਡੀ ਵੈਕਸੀਨ ਨਿਰਮਾਤਾ ਕੰਪਨੀ ਸੀਰਮ ਇੰਸਟੀਟਿਊਟ ਆਫ ਇੰਡੀਆ ਦੇ ਮੁਖੀ ਅਦਾਰ ਪੂਨਾਵਾਲਾ ਦਾ ਕਹਿਣਾ ਹੈ ਕਿ ਫੋਨ ਕਾਲ ਸਭ ਤੋਂ ਬੁਰੀ ਚੀਜ਼ ਹੈ। ਉਨ੍ਹਾਂ ਕਿਹਾ ਸੀ, 'ਕਾਲ ਕਰਨ ਵਾਲਿਆਂ 'ਚ ਭਾਰਤੀ ਸੂਬਿਆਂ ਦੇ ਮੁੱਖ ਮੰਤਰੀ, ਵਪਾਰ ਮੰਡਲ ਦੇ ਮੁਖੀ ਤੇ ਕਈ ਪ੍ਰਭਾਵਸ਼ਾਲੀ ਹਸਤੀਆਂ ਸ਼ਾਮਲ ਹਨ। ਇਹ ਲੋਕ ਫੋਨ 'ਤੇ ਕੋਵਿਸ਼ਿਲਡ ਵੈਕਸੀਨ ਦੀ ਤਤਕਾਲ ਪੂਰਤੀ ਦੀ ਮੰਗ ਕਰਦੇ ਹਨ।


ਦੱਸ ਦੇਈਏ ਕਿ ਭਾਰਤ 'ਚ ਸੀਰਮ ਇੰਸਟੀਟਿਊਟ ਆਫ ਇੰਡੀਆ ਦੀ ਵੈਕਸੀਨ ਕੋਵਿਸ਼ੀਲਡ ਨੂੰ ਇਜਾਜ਼ਤ ਦਿੱਤੀ ਗਈ ਹੈ। ਸੀਰਮ ਇੰਸਟੀਟਿਊਟ ਜਿਸ ਕੋਵਿਸ਼ੀਲਡ ਟੀਕੇ ਦਾ ਨਿਰਮਾਣ ਕਰ ਰਿਹਾ ਹੈ ਉਸ ਲਈ ਰਿਸਰਚ ਬ੍ਰਿਟੇਨ ਸਰਕਾਰ ਦੀ ਮਦਦ ਨਾਲ ਔਕਸਫੋਰਡ ਯੂਨੀਵਰਸਿਟੀ ਨੇ ਕੀਤਾ ਸੀ। ਜਰਮਨ ਐਸਟ੍ਰੇਜੈਨੇਕਾ ਕੰਪਨੀ ਨੇ ਉਸ ਦਾ ਵਪਾਰੀਕਰਨ ਕੀਤਾ। ਜਿਸ ਤੋਂ ਬਾਅਦ ਭਾਰਤ ਦੀ ਕੰਪਨੀ ਸੀਰਮ ਇੰਸਟੀਟਿਊਟ ਨੂੰ ਉਸ ਦੇ ਵਿਆਪਕ ਉਤਪਾਦਨ 'ਚ ਸਾਂਝੇਦਾਰ ਬਣਾਇਆ ਗਿਆ।