Kailash Gehlot Resigns:  ਦਿੱਲੀ ਦੀ ਸਿਆਸਤ 'ਚ ਵੱਡਾ ਉਥਲ-ਪੁਥਲ ਹੋਇਆ ਹੈ। ਆਮ ਆਦਮੀ ਪਾਰਟੀ ਦੀ ਆਤਿਸ਼ੀ ਸਰਕਾਰ ਵਿੱਚ ਕੈਬਨਿਟ ਮੰਤਰੀ ਕੈਲਾਸ਼ ਗਹਿਲੋਤ ਨੇ ਮੰਤਰੀ ਅਹੁਦੇ ਅਤੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। 'ਆਪ' ਤੋਂ ਅਸਤੀਫਾ ਦਿੰਦਿਆਂ ਉਨ੍ਹਾਂ ਨੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖਿਆ ਹੈ।



ਕੈਲਾਸ਼ ਗਹਿਲੋਤ ਨੇ ਚਿੱਠੀ 'ਚ ਲਿਖਿਆ, ''ਸ਼ੀਸ਼ਮਹਿਲ ਵਰਗੇ ਕਈ ਸ਼ਰਮਨਾਕ ਤੇ ਅਜੀਬ ਵਿਵਾਦ ਹਨ, ਜੋ ਹੁਣ ਸਾਰਿਆਂ ਨੂੰ ਸ਼ੱਕ 'ਚ ਪਾ ਰਹੇ ਹਨ ਕਿ, ਕੀ ਅਸੀਂ ਅਜੇ ਵੀ ਆਮ ਆਦਮੀ ਹੋਣ 'ਤੇ ਵਿਸ਼ਵਾਸ ਕਰਦੇ ਹਾਂ? ਇਹ ਹੁਣ ਸਪੱਸ਼ਟ ਹੋ ਗਿਆ ਹੈ ਕਿ ਦਿੱਲੀ ਸਰਕਾਰ ਆਪਣਾ ਜ਼ਿਆਦਾਤਰ ਸਮਾਂ ਕੇਂਦਰ ਨਾਲ ਲੜਨ ਵਿੱਚ ਖਰਚ ਕਰ ਰਹੀ ਹੈ। ਦਿੱਲੀ ਦੀ ਅਸਲ ਤਰੱਕੀ ਨਹੀਂ ਹੋ ਸਕਦੀ, ਮੇਰੇ ਕੋਲ 'ਆਪ' ਤੋਂ ਵੱਖ ਹੋਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ ਹੈ ਤੇ ਇਸ ਲਈ ਮੈਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ।"



ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਮੰਤਰੀ ਅਹੁਦੇ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਕੈਲਾਸ਼ ਗਹਿਲੋਤ ਨੇ ਆਮ ਆਦਮੀ ਪਾਰਟੀ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਜਿਸ ਇਮਾਨਦਾਰੀ ਨਾਲ ਉਹ ਪਾਰਟੀ 'ਚ ਸ਼ਾਮਲ ਹੋਏ ਸਨ, ਉਹ ਹੁਣ ਨਹੀਂ ਹੋ ਰਹੀ। ਉਨ੍ਹਾਂ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਨੂੰ ‘ਸ਼ੀਸ਼ਮਹਿਲ’ ਦੱਸਦਿਆਂ ਕਈ ਦੋਸ਼ ਲਾਏ। ਇਸ ਦੇ ਨਾਲ ਹੀ ਉਨ੍ਹਾਂ ਯਮੁਨਾ 'ਚ ਵਧਦੇ ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਸਰਕਾਰ 'ਤੇ ਦੋਸ਼ ਵੀ ਲਾਏ।


ਦਿੱਲੀ ਸਰਕਾਰ ਵਿੱਚ ਸੈਰ ਸਪਾਟਾ ਮੰਤਰੀ ਰਹੇ ਕੈਲਾਸ਼ ਗਹਿਲੋਤ ਨੇ ਚਿੱਠੀ ਵਿੱਚ ਲਿਖਿਆ, ''ਅਰਵਿੰਦ ਕੇਜਰੀਵਾਲ , ਸਭ ਤੋਂ ਪਹਿਲਾਂ ਮੈਂ ਇੱਕ ਵਿਧਾਇਕ ਵਜੋਂ ਦਿੱਲੀ ਦੇ ਲੋਕਾਂ ਦੀ ਸੇਵਾ ਕਰਨ ਅਤੇ ਉਨ੍ਹਾਂ ਦੀ ਨੁਮਾਇੰਦਗੀ ਕਰਨ ਦਾ ਸਨਮਾਨ ਦੇਣ ਲਈ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ। ਹਾਲਾਂਕਿ, ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਅੱਜ ਆਮ ਆਦਮੀ ਪਾਰਟੀ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।



ਇੱਕ ਉਦਾਹਰਣ ਦਿੰਦੇ ਹੋਏ ਕੈਲਾਸ਼ ਗਹਿਲੋਤ ਨੇ ਲਿਖਿਆ, "ਅਸੀਂ ਯਮੁਨਾ ਨੂੰ ਸਾਫ਼ ਨਦੀ ਵਿੱਚ ਬਦਲਣ ਦਾ ਵਾਅਦਾ ਕੀਤਾ ਸੀ, ਪਰ ਅਜਿਹਾ ਕਦੇ ਵੀ ਨਹੀਂ ਕਰ ਸਕੇ। ਹੁਣ ਯਮੁਨਾ ਨਦੀ ਸ਼ਾਇਦ ਪਹਿਲਾਂ ਨਾਲੋਂ ਜ਼ਿਆਦਾ ਪ੍ਰਦੂਸ਼ਿਤ ਹੋ ਗਈ ਹੈ। ਇਸ ਤੋਂ ਇਲਾਵਾ 'ਸ਼ੀਸ਼ਮਹਿਲ' ਵਰਗੇ-ਅਜੀਬੋ ਗਰੀਬ ਵਿਵਾਦ ਪੈਦਾ ਹੋ ਗਏ ਨੇ ਜੋ ਹੁਣ ਸਾਰਿਆਂ ਨੂੰ ਸ਼ੱਕ ਪੈਦਾ ਕਰ ਰਹੇ ਹਨ ਕਿ ਕੀ ਅਸੀਂ ਅਜੇ ਵੀ ਇੱਕ ਆਮ ਆਦਮੀ ਵਿੱਚ ਵਿਸ਼ਵਾਸ ਕਰਦੇ ਹਾਂ, ਇੱਕ ਹੋਰ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਲੋਕਾਂ ਦੇ ਹੱਕਾਂ ਲਈ ਲੜਨ ਦੀ ਬਜਾਏ ਸਿਰਫ ਆਪਣੇ ਸਿਆਸੀ ਹਿੱਤਾਂ ਵਿੱਚ ਦਿਲਚਸਪੀ ਰੱਖਦੇ ਹਾਂ।