Lok Sabha Election 2024: ਲੋਕ ਸਭਾ ਚੋਣਾਂ ਲਈ ਅੱਜ ਆਮ ਆਦਮੀ ਪਾਰਟੀ ਚੋਣ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਹ ਸ਼ੁਰੂਆਤ ਅੱਜ ਦਿੱਲੀ ਤੋਂ ਕੀਤੀ ਜਾਵੇਗੀ। ਦਿੱਲੀ ਵਿੱਚ ਆਮ ਆਦਮੀ ਪਾਰਟੀ ਗਠਜੋੜ ਦੇ ਤਹਿਤ ਚੋਣ ਲੜ ਰਹੀ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ 4 ਸੀਟਾਂ 'ਤੇ ਚੋਣ ਲੜੇਗੀ, ਬਾਕੀ ਕਾਂਗਰਸ ਦੇ ਹਿੱਸੇ ਆਈਆਂ ਹਨ।
ਦਿੱਲੀ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਰਹੇ ਹਨ। ਜਿੱਥੇ ਉਹ ਅਰਵਿੰਦ ਕੇਜਰੀਵਾਲ ਨਾਲ ਮਿਲ ਕੇ ਚੋਣ ਪ੍ਰਚਾਰ ਕਰਨਗੇ। ਦੋਵੇਂ ਮੁੱਖ ਮੰਤਰੀ ਅੱਜ ਪਾਰਟੀ ਦਫ਼ਤਰ ਤੋਂ ਦਿੱਲੀ ਵਿੱਚ ਲੋਕ ਸਭਾ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਨ।
ਪੰਜਾਬ ਵਿੱਚ ਦੇਖਿਆ ਜਾਵੇ ਤਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਹਾਲੇ ਤੱਕ ਗਠਜੋੜ ਨਹੀਂ ਹੋ ਸਕਿਆ। ਕਾਂਗਰਸ ਤੇ ਆਪ ਨੇ 13 ਦੀਆਂ 13 ਸੀਟਾਂ 'ਤੇ ਵੱਖਰੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ, ਦਿੱਲੀ ਤੋਂ ਇਲਾਵਾ ਕਾਂਗਰਸ, ਗੁਜਰਾਤ ਅਤੇ ਗੋਆ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਗਠਜੋੜ ਤਹਿਤ ਚੋਣ ਲੜ ਰਹੇ ਹਨ।
ਆਪ ਦਾ ਮਾਸਟਰ ਪਲਾਨ
ਆਮ ਆਦਮੀ ਪਾਰਟੀ ਨੇ ਘਰ-ਘਰ ਜਾ ਕੇ ਵੋਟਾਂ ਮੰਗਣ 'ਤੇ ਸਭ ਤੋਂ ਵੱਧ ਧਿਆਨ ਕੇਂਦਰਿਤ ਕੀਤਾ ਹੈ ਅਤੇ ਵਿਧਾਨ ਸਭਾ ਚੋਣਾਂ ਦੀ ਤਰਜ਼ 'ਤੇ ਇਸ ਵਾਰ ਲੋਕ ਸਭਾ ਚੋਣਾਂ 'ਚ ਵੀ ਘਰ-ਘਰ ਜਾ ਕੇ ਪ੍ਰਚਾਰ ਕੀਤਾ ਜਾਵੇਗਾ।
ਪਾਰਟੀ ਦੇ ਉਮੀਦਵਾਰ ਜਲਦੀ ਹੀ ਆਪਣਾ ਪ੍ਰਚਾਰ ਸ਼ੁਰੂ ਕਰ ਦੇਣਗੇ। ਦਿੱਲੀ ਵਿੱਚ ਲੋਕ ਸਭਾ ਚੋਣਾਂ ਲਈ ਵੋਟਾਂ ਮੰਗਣ ਸਮੇਂ ਆਮ ਆਦਮੀ ਪਾਰਟੀ ਆਪਣੇ ਦਸ ਸਾਲਾਂ ਦੇ ਕੰਮਾਂ ਦਾ ਜ਼ਿਕਰ ਕਰੇਗੀ। ਪਾਰਟੀ ਦੇ ਚਾਰ ਉਮੀਦਵਾਰ ਕੇਜਰੀਵਾਲ ਸਰਕਾਰ ਲਈ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਕਰਨਗੇ ਅਤੇ ਵੋਟਾਂ ਮੰਗਣਗੇ।
ਇਸ ਦੇ ਨਾਲ ਹੀ ਪਾਰਟੀ ਉਮੀਦਵਾਰ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਸੰਸਦ ਮੈਂਬਰਾਂ ਦੀਆਂ ਟਿਕਟਾਂ ਰੱਦ ਕਰਨ ਨੂੰ ਵੀ ਚੋਣ ਮੁੱਦਾ ਬਣਾਉਣਗੇ। ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਨਤਾ ਨੂੰ ਇਹ ਵੀ ਦੱਸਣਗੇ ਕਿ ਜੇਕਰ ਪਾਰਟੀ ਦਾ ਉਮੀਦਵਾਰ ਪਾਰਲੀਮੈਂਟ 'ਚ ਨਾ ਪਹੁੰਚਿਆ ਤਾਂ ਕੇਂਦਰ ਸਰਕਾਰ ਦਿੱਲੀ ਦੇ ਕੰਮਕਾਜ 'ਚ ਗੈਰ-ਸੰਵਿਧਾਨਕ ਤੌਰ 'ਤੇ ਰੁਕਾਵਟ ਪਾ ਕੇ ਦਿੱਲੀ ਦੇ ਲੋਕਾਂ ਨੂੰ ਦਿੱਤੇ ਜਾ ਰਹੇ ਲਾਭਾਂ 'ਤੇ ਰੋਕ ਲਗਾ ਦੇਵੇਗੀ। ਇਸ ਲਈ ਆਮ ਆਦਮੀ ਪਾਰਟੀ ਤੋਂ ਸੰਸਦ ਮੈਂਬਰ ਚੁਣੋ।
ਦਿੱਲੀ ਪੁਲਸ ਕੇਂਦਰ ਸਰਕਾਰ ਦੇ ਅਧੀਨ ਕੰਮ ਕਰਦੀ ਹੈ, ਅਜਿਹੇ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਲੋਕਾਂ 'ਚ ਜਾ ਕੇ ਰਾਜਧਾਨੀ 'ਚ ਵਧਦੇ ਅਪਰਾਧ ਦਾ ਮੁੱਦਾ ਚੁੱਕਣਗੇ। ਉਹ ਲੋਕਾਂ ਨੂੰ ਦੱਸਣਗੇ ਕਿ ਅਪਰਾਧ ਵਧਦਾ ਜਾ ਰਿਹਾ ਅਤੇ ਉਨ੍ਹਾਂ ਦਾ ਭਾਜਪਾ ਸੰਸਦ ਮੈਂਬਰ ਕਦੇ ਵੀ ਉਨ੍ਹਾਂ ਨੂੰ ਉਪਲਬਧ ਨਹੀਂ ਸੀ।