ਨਵੀਂ ਦਿੱਲੀ: ਅੱਜ ਤੋਂ ਛੇ ਸਾਲ ਪਹਿਲਾਂ ਦਿੱਲੀ ਦੇ ਰਾਮਲੀਲਾ ਮੈਦਾਨ 'ਤੇ ਅੰਨਾ ਹਜ਼ਾਰੇ ਦੀ ਅਗਵਾਈ ਵਿੱਚ ਅੰਦੋਲਨ ਹੋਇਆ ਅਤੇ ਉਸੇ ਅੰਦੋਲਨ ਵਿੱਚ ਸਿਆਸੀ ਪਾਰਟੀ ਨਿੱਕਲੀ, ਜਿਸ ਨੂੰ ਆਮ ਆਦਮੀ ਪਾਰਟੀ ਦਾ ਨਾਂਅ ਦਿੱਤਾ ਗਿਆ। ਪਾਰਟੀ ਨੇ ਸੋਮਵਾਰ ਨੂੰ ਡੀਡੀਯੂ ਮਾਰਗ ਸਥਿਤ ਮੁੱਖ ਦਫ਼ਤਰ ਵਿੱਚ ਸਥਾਪਨਾ ਸਮਾਗਮ ਮਨਾਇਆ। ਪਰ ਸਾਲ 2012 ਵਿੱਚ ਜੋ ਪਾਰਟੀ ਦਾ ਹਿੱਸਾ ਸਨ ਉਹ ਹੁਣ ਇਸ ਦੇ ਨਾਲ ਨਹੀਂ ਨਜ਼ਰ ਆਏ।
ਸਾਲ 2013 ਵਿੱਚ 'ਆਪ' ਨੇ ਪਹਿਲੀ ਵਾਰ ਦਿੱਲੀ ਵਿੱਚ ਆਪਣੀ ਸਰਕਾਰ ਬਣਾਈ। 28 ਸੀਟਾਂ ਜਿੱਤ ਕਾਂਗਰਸ ਦੀ ਮਦਦ ਨਾਲ ਕੇਜਰੀਵਾਲ ਨੇ ਦਿੱਲੀ ਦੇ ਸੱਤਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਲੋਕਪਾਲ ਦੀ ਮੰਗ ਨੂੰ ਵਿਧਾਨ ਸਭਾ ਵਿੱਚ ਸਮਰਥਨ ਨਾ ਮਿਲਣ ਕਾਰਨ 49 ਦਿਨ ਬਾਅਦ ਕੇਜਰੀਵਾਲ ਨੇ ਅਸਤੀਫ਼ਾ ਦੇ ਦਿੱਤਾ। ਇਸੇ ਦੌਰਾਨ ਲੋਕ ਸਭਾ ਚੋਣਾਂ ਵਿੱਚ ਪੰਜਾਬੀਆਂ ਨੇ ਝਾੜੂ ਫੜ ਲਿਆ ਤੇ ਪੂਰੇ ਦੇਸ਼ ਵਿੱਚੋਂ ਚਾਰ ਸੰਸਦ ਮੈਂਬਰ ਲੋਕ ਸਭਾ ਪਹੁੰਚਾਏ। ਫਰਵਰੀ 2015 ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ 'ਆਪ' ਦਾ ਝਾੜੂ ਅਜਿਹਾ ਚੱਲਿਆ ਕਿ 70 ਵਿੱਚੋਂ 67 ਸੀਟਾਂ ਜਿੱਤ ਕੇ ਇਤਿਹਾਸ ਰਚ ਦਿੱਤਾ।
ਦਿੱਲੀ ਦੀ ਕਾਮਯਾਬੀ ਤੋਂ ਬਾਅਦ ਪਾਰਟੀ ਨੇ ਪੰਜਾਬ ਦਾ ਰੁਖ਼ ਕੀਤਾ ਤੇ ਲੋਕ ਸਭਾ ਚੋਣਾਂ ਵਿੱਚ ਪੰਜਾਬੀਆਂ ਦੇ ਹੁੰਗਾਰੇ ਕਾਰਨ 'ਆਪ' ਬੜੇ ਜ਼ੋਰ-ਸ਼ੋਰ ਨਾਲ ਵਿਧਾਨ ਸਭਾ ਚੋਣਾਂ ਵਿੱਚ ਨਿੱਤਰੀ। ਪਰ ਨਤੀਜਾ ਆਸ ਮੁਤਾਬਕ ਨਾ ਰਿਹਾ ਅਤੇ ਬਹੁਮਤ ਦਾ ਦਾਅਵਾ ਕਰਨ ਵਾਲੀ ਪਾਰਟੀ 20 ਸੀਟਾਂ ਤਕ ਹੀ ਸੀਮਤ ਰਹਿ ਗਈ, ਪਰ ਮੁੱਖ ਵਿਰੋਧੀ ਧਿਰ ਜ਼ਰੂਰ ਬਣ ਗਈ। ਬਾਅਦ ਵਿੱਚ ਆਪਣੀ ਖਿੱਚੋਤਾਣ ਕਾਰਨ ਪੰਜਾਬ ਅੰਦਰ 'ਆਪ' ਦੋ ਧੜਿਆਂ ਵਿੱਚ ਵੰਡੀ ਗਈ। ਹੁਣ ਦਿੱਲੀ ਵਿੱਚ ਹੀ 'ਆਪ' ਦੀ ਸਰਕਾਰ ਹੀ ਰਹਿ ਗਈ ਹੈ। ਪਾਰਟੀ ਦੇ ਛੇਵੇਂ ਸਥਾਪਨਾ ਦਿਵਸ 'ਤੇ 'ਆਪ' ਦਾ ਰਿਪੋਰਟ ਕਾਰਡ ਕੁਝ ਇਸ ਤਰ੍ਹਾਂ ਹੈ।
ਦਿੱਲੀ ਵਿੱਚ ਕੇਜਰੀਵਾਲ ਸਰਕਾਰ ਨੇ ਸਿੱਖਿਆ ਅਤੇ ਮੈਡੀਕਲ ਖੇਤਰ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ। ਸਰਕਾਰੀ ਸਕੂਲਾਂ ਦਾ ਬੁਨਿਆਦੀ ਢਾਂਚਾ ਕਾਫੀ ਦਰਜੇ ਉੱਚਾ ਹੋ ਗਿਆ ਹੈ ਅਤੇ ਮੁਹੱਲਾ ਕਲੀਨਿਕ ਨਾਲ ਗ਼ਰੀਬਾਂ ਤੇ ਦੂਰ-ਦੁਰਾਡੇ ਵੱਸਦੇ ਲੋਕਾਂ ਨੂੰ ਕਾਫੀ ਸਹਾਇਤਾ ਮਿਲੀ। ਬਿਜਲੀ ਦਰਾਂ ਘਟਾਉਣ, ਰਿਸ਼ਵਤਖੋਰੀ 'ਤੇ ਲਗਾਮ ਲਾਉਣ, ਅੰਦਾਜ਼ਨ ਲਾਗਤ ਤੋਂ ਘੱਟ ਖਰਚ ਕੇ ਕਈ ਉਸਾਰੀਆਂ ਕਰਵਾ ਕੇ ਵੀ 'ਆਪ' ਨੇ ਸੁਰਖੀਆਂ ਬਟੋਰੀਆਂ। ਇਸ ਤੋਂ ਇਲਾਵਾ ਵਿਵਾਦਾਂ ਨਾਲ ਕੇਜਰੀਵਾਲ ਦਾ ਪੁਰਾਣਾ ਨਾਤਾ ਹੈ ਅਤੇ ਨਾਲ ਹੀ ਤੀਜੇ ਦਿਨ ਕਦੇ ਲੈਫ਼ਟੀਨੈਂਟ ਗਵਰਨਰ ਤੇ ਪ੍ਰਧਾਨ ਮੰਤਰੀ ਨਾਲ ਸਿੰਙ ਫਸਾਉਣ ਤੇ ਅੰਦਰੂਨੀ ਕਲ਼ੇਸ਼ ਨੇ ਪਾਰਟੀ ਦਾ ਅਕਸ ਕਾਫੀ ਵਿਗਾੜਿਆ ਹੈ।
ਹੁਣ ਤਕ ਦੇ ਸਫ਼ਰ ਦੌਰਾਨ 'ਆਪ' ਦਾ ਸਿਆਸੀ ਗਰਾਫ ਡਾਵਾਂਡੋਲ ਰਿਹਾ ਹੈ। ਅਗਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਪਾਰਟੀ ਦਾ ਭਵਿੱਖ ਤੈਅ ਕਰਨ ਵਿੱਚ ਸਹਾਈ ਹੋਣਗੀਆਂ। ਪਰ ਚੰਗੇ ਕੰਮਾਂ ਦੇ ਬਾਵਜੂਦ ਅੰਦਰੂਨੀ ਸਥਿਰਤਾ ਬਰਕਾਰ ਰੱਖੇ ਜਾਣ 'ਤੇ ਹੀ ਚੋਣਾਂ ਵਿੱਚ ਚੰਗੇ ਪ੍ਰਦਰਸ਼ਨ ਦੀ ਆਸ ਰੱਖੀ ਜਾ ਸਕਦੀ ਹੈ ਤੇ ਬਦਲਵੀਂ ਸਿਆਸਤ ਦੇ ਸੁਫ਼ਨੇ ਦਿਖਾ ਕੇ ਸੱਤਾ ਵਿੱਚ ਆਈ ਪਾਰਟੀ ਨੂੰ ਆਪਣੇ ਬੋਲ ਸੱਚ ਕਰਨ ਵਿੱਚ ਵੱਧ ਸਫ਼ਲਤਾ ਮਿਲੇਗੀ।