ਦਿੱਲੀ ਵਿੱਚ 'ਆਪ' ਸਰਕਾਰ ਹੋਣ ਦੇ ਬਾਵਜੂਦ ਸੱਤ ਲੋਕ ਸਭਾ ਸੀਟਾਂ 'ਤੇ ਪਾਰਟੀ ਦੀ ਹਾਲਤ ਬੇਹੱਦ ਕਮਜ਼ੋਰ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਲਗਾਤਾਰ ਆਪਣੀ ਸਰਕਾਰ ਵੱਲੋਂ ਸਿੱਖਿਆ, ਸਿਹਤ ਤੇ ਬਿਜਲੀ-ਪਾਣੀ ਖੇਤਰ ਵਿੱਚ ਕੀਤੇ ਕੰਮਾਂ ਦਾ ਪ੍ਰਚਾਰ ਕਰਦੇ ਰਹਿੰਦੇ ਹਨ, ਪਰ ਲੋਕਾਂ ਨੇ ਕੇਜਰੀਵਾਲ ਦੇ ਇਸ ਪ੍ਰਚਾਰ ਵਿੱਚ ਕੋਈ ਖ਼ਾਸ ਰੁਚੀ ਨਹੀਂ ਦਿਖਾਈ। ਦਿੱਲੀ 'ਚ ਸੱਤ ਦੀਆਂ ਸੱਤ ਲੋਕ ਸਭਾ ਸੀਟਾਂ 'ਤੇ 'ਆਪ' ਉਮੀਦਵਾਰ ਹਾਰ ਵੱਲ ਵੱਧ ਰਹੇ ਹਨ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਦਾ ਰਸਮੀ ਐਲਾਨ ਬਾਕੀ ਹੈ।
ਪਿਛਲੀ ਵਾਰ ਵੀ ਪੰਜਾਬ ਨੇ ਹੀ 'ਆਪ' ਦੀ ਝੋਲੀ ਚਾਰ ਸੰਸਦ ਮੈਂਬਰ ਪਾਏ ਸਨ ਤੇ ਪੂਰੇ ਦੇਸ਼ ਵਿੱਚ ਪਾਰਟੀ ਦਾ ਸਫਾਇਆ ਹੋ ਗਿਆ ਸੀ। ਇਸ ਵਾਰ ਵੀ ਪੰਜਾਬੀਆਂ ਨੇ 'ਆਪ' ਨੂੰ ਨਿਰਾਸ਼ ਨਹੀਂ ਮੋੜਿਆ। ਬੇਸ਼ੱਕ ਦਿੱਲੀ ਵਿੱਚ 'ਆਪ' ਦੀ ਸਰਕਾਰ ਹੈ, ਪਰ ਪਾਰਟੀ ਨੇ ਆਪਣੀ ਹੋਂਦ ਬਚਾਉਣੀ ਹੈ ਤਾਂ ਪੰਜਾਬ 'ਤੇ ਧਿਆਨ ਦੇਣ ਦੀ ਬੇਹੱਦ ਲੋੜ ਹੈ।