ਨਵੀਂ ਦਿੱਲੀ: ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਕੌਮੀ ਰਾਜਧਾਨੀ ਦਿੱਲੀ ਵਿੱਚ ਗਠਜੋੜ ਲਈ ਸੀਟ ਵੰਡ ਤੈਅ ਕਰਨ ਲਈ ਮੁੜ ਤੋਂ ਗੱਲਬਾਤ ਸ਼ੁਰੂ ਕਰ ਲਈ ਹੈ। ਸੂਤਰਾਂ ਮੁਤਾਬਕ ਪਾਰਟੀ ਦੇ ਅਹੁਦੇਦਾਰਾਂ ਨੇ ਵੀਰਵਾਰ ਨੂੰ ਇਸ ਸਬੰਧੀ ਬੈਠਕ ਕੀਤੀ ਹੈ।
'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਿੱਲੀ ਪ੍ਰਧਾਨ ਪੀਸੀ ਚਾਕੋ ਨਾਲ ਬੁੱਧਵਾਰ ਸ਼ਾਮ ਨੂੰ ਵੀ ਮੁਲਾਕਾਤ ਕੀਤੀ ਸੀ। ਇਸ ਮਗਰੋਂ ਗਠਜੋੜ ਤੇ ਸੀਟ ਵੰਡ ਦੀਆਂ ਖ਼ਬਰਾਂ ਨੂੰ ਹੋਰ ਹਵਾ ਮਿਲੀ ਹੈ। ਦਿੱਲੀ ਵਿੱਚ ਸੱਤਾਧਾਰੀ ਪਾਰਟੀ 'ਆਪ' ਨੇ ਕਾਂਗਰਸ ਨੂੰ ਲੋਕ ਸਭਾ ਦੀਆਂ ਸੱਤ ਵਿੱਚੋਂ ਦੋ ਸੀਟਾਂ ਛੱਡਣ ਦੀ ਪੇਸ਼ਕਸ਼ ਕੀਤੀ ਪਰ ਕਾਂਗਰਸ ਦੀ ਮੰਗ pਵੱਧ ਸੀਟਾਂ ਦੀ ਹੈ।
ਕਾਂਗਰਸ ਚਾਹੁੰਦੀ ਹੈ ਕਿ ਉਸ ਨੂੰ ਨਵੀਂ ਦਿੱਲੀ, ਚਾਂਦਨੀ ਚੌਕ ਤੇ ਉੱਤਰ ਪੂਰਬੀ ਦਿੱਲੀ, ਤਿੰਨ ਸੀਟਾਂ ਮਿਲਣ। ਸੂਤਰਾਂ ਮੁਤਾਬਕ ਦੋਵੇਂ ਲੀਡਰਾਂ ਨੇ ਸੀਟ ਵੰਡ ਬਾਰੇ ਹੀ ਗੱਲਬਾਤ ਕੀਤੀ ਹੈ। 'ਆਪ' ਤੇ ਕਾਂਗਰਸ ਗਠਜੋੜ ਵੱਲ ਵਧਣ ਦਾ ਵੱਡਾ ਕਾਰਨ ਵੋਟ ਸ਼ੇਅਰ ਹੈ।
ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਦਿੱਲੀ ਦੀਆਂ ਸੱਤ ਸੀਟਾਂ ਜਿੱਤ ਲਈਆਂ ਸਨ ਤੇ ਜੇਕਰ 'ਆਪ' ਤੇ ਕਾਂਗਰਸ ਮਿਲ ਜਾਂਦੀਆਂ ਹਨ ਤਾਂ ਦੋਵਾਂ ਦਾ ਵੋਟ ਸ਼ੇਅਰ ਬੀਜੇਪੀ ਨਾਲੋਂ ਕਿਤੇ ਵੱਧ ਜਾਂਦਾ ਹੈ। ਹਾਲਾਂਕਿ, ਦੋਵਾਂ ਪਾਰਟੀਆਂ ਦੇ ਕਈ ਆਗੂ ਗਠਜੋੜ ਦਾ ਸਮਰਥਨ ਤੇ ਵਿਰੋਧ ਕਰ ਰਹੇ ਹਨ ਤੇ ਹੁਣ ਫੈਸਲਾ ਸਿਖਰਲੇ ਲੀਡਰਾਂ ਦੇ ਹੱਥ ਵਿੱਚ ਹੈ।