ਬਰਨਾਲਾ: ਆਮ ਆਦਮੀ ਪਾਰਟੀ ਦੀ ਬਰਨਾਲਾ ਵਿੱਚ ਕਰਵਾਈ ਜਾ ਰਹੀ ਲੋਕ ਸਭਾ ਚੋਣਾਂ ਸਬੰਧੀ ਰੈਲੀ ਵਿੱਚ ਉਮੀਦਵਾਰ ਵੱਡਾ ਐਲਾਨ ਕੀਤਾ ਹੈ। 'ਆਪ' ਨੇਤਾ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਚੰਡੀਗੜ੍ਹ ਤੋਂ ਲੋਕ ਸਭਾ ਉਮੀਦਵਾਰ ਹੋਣਗੇ।


2019 ਦੀਆਂ ਲੋਕ ਸਭਾ ਚੋਣਾਂ ਲਈ 'ਆਪ' ਚੰਡੀਗੜ੍ਹ ਤੋਂ ਆਪਣਾ ਉਮੀਦਵਾਰ ਐਲਾਨਣ ਵਾਲੀ ਪਹਿਲੀ ਪਾਰਟੀ ਬਣ ਗਈ ਹੈ। ਹਾਲੇ ਤਕ ਬੀਜੇਪੀ ਤੇ ਕਾਂਗਰਸ ਨੇ ਆਪਣੇ ਉਮੀਦਵਾਰ ਨਹੀਂ ਐਲਾਨੇ ਹਨ। ਮੌਜੂਦਾ ਸਮੇਂ ਵਿੱਚ ਚੰਡੀਗੜ੍ਹ ਤੋਂ ਬੀਜੇਪੀ ਦੀ ਕਿਰਨ ਖੇਰ ਲੋਕ ਸਭਾ ਮੈਂਬਰ ਹੈ।



ਧਵਨ ਨਵੰਬਰ 2018 ਦੌਰਾਨ 'ਆਪ' ਵਿੱਚ ਸ਼ਾਮਲ ਹੋਏ ਸਨ ਤੇ ਉਦੋਂ ਤੋਂ ਹੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਸਾਬਕਾ ਕੇਂਦਰੀ ਮੰਤਰੀ ਨੂੰ ਪਾਰਟੀ ਚੰਡੀਗੜ੍ਹ ਤੋਂ ਟਿਕਟ ਦੇਵੇਗੀ। ਹਾਲਾਂਕਿ, ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਫ਼ਿਲਮੀ ਅਦਾਕਾਰਾ ਗੁਲ ਪਨਾਗ ਨੇ 'ਆਪ' ਦੀ ਟਿਕਟ ਤੋਂ ਚੋਣ ਲੜੀ ਸੀ, ਪਰ ਕਿਰਨ ਖੇਰ ਤੋਂ ਹਾਰ ਗਈ ਸੀ।

ਇਸ ਐਲਾਨ ਦੇ ਨਾਲ ਹੀ 'ਆਪ' ਨੇ ਲੋਕ ਸਭਾ ਚੋਣਾਂ ਲਈ ਹੁਣ ਤਕ ਛੇ ਉਮੀਦਵਾਰ ਐਲਾਨ ਦਿੱਤੇ ਹਨ। 'ਆਪ' ਨੇ ਪੰਜਾਬ ਦੀ ਸੰਗਰੂਰ, ਫ਼ਰੀਦਕੋਟ, ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਆਨੰਦਪੁਰ ਸਾਹਿਬ ਸੀਟ ਤੋਂ ਉਮੀਦਵਾਰਾਂ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ ਅਤੇ ਹੁਣ ਉਨ੍ਹਾਂ ਰਾਜਧਾਨੀ ਚੰਡੀਗੜ੍ਹ ਤੋਂ ਹਰਮੋਹਨ ਧਵਨ ਦਾ ਨਾਂਅ ਐਲਾਨ ਕੇ ਛੇ ਲੋਕ ਸਭਾ ਉਮੀਦਵਾਰ ਐਲਾਨ ਦਿੱਤੇ ਹਨ।