ਨਵੀਂ ਦਿੱਲੀ: ਚੋਣ ਕਮਿਸ਼ਨ ਵੱਲੋਂ 20 ਵਿਧਾਇਕਾਂ ਖ਼ਿਲਾਫ ਕਰਵਾਈ ਦੀ ਸਿਫਾਰਸ਼ ਮਗਰੋਂ ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ 'ਤੇ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਾਇਆ ਹੈ। ਪਾਰਟੀ ਨੇ ਕਿਹਾ ਹੈ ਕਿ ਉਹ ਚੋਣਾਂ ਤੋਂ ਨਹੀਂ ਡਰਦੀ। ਪਾਰਟੀ ਦੇ ਬੁਲਾਰੇ ਗੋਪਾਲ ਰਾਏ ਨੇ ਇਲਜ਼ਾਮ ਲਾਇਆ ਹੈ ਕਿ ਚੋਣ ਕਮਿਸ਼ਨ ਨੇ ਰਾਸ਼ਟਰਪਤੀ ਨੂੰ ਆਪਣੀ ਰਾਏ ਭੇਜਣ ਤੋਂ ਪਹਿਲਾਂ ਸਾਡਾ ਪੱਖ ਨਹੀਂ ਸੁਣਿਆ।

ਰਾਏ ਨੇ ਕਿਹਾ ਕਿ ਇਹ ਗੈਰ ਲੋਕਤੰਤਰੀ ਕਦਮ ਹੈ ਤੇ ਉਹ ਦਿੱਲੀ ਦੀ ਜਨਤਾ, ਸਰਕਾਰ ਤੇ ਮੁੱਖ ਮੰਤਰੀ ਤੋਂ ਬਦਲਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ 11 ਰਾਜਾਂ 'ਚ ਸੰਸਦੀ ਸਕੱਤਰਾਂ ਦੀ ਨਿਯੁਕਤੀ ਕੀਤੀ ਗਈ ਪਰ ਨਿਸ਼ਾਨਾ ਸਿਰਫ਼ ਸਾਨੂੰ ਹੀ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਹ ਦੋਹਰਾ ਮਾਪਦੰਡ ਹੈ ਤੇ ਕੀ ਸੰਵਿਧਾਨ ਸਭ 'ਤੇ ਲਾਗੂ ਨਹੀਂ ਹੁੰਦਾ। ਸਾਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਇਹ ਬ੍ਰਿਟਿਸ਼ ਰਾਜ ਤੋਂ ਵੀ ਬੁਰਾ ਹੈ। ਉਨ੍ਹਾਂ ਕਿਹਾ ਕਿ ਇੱਕ ਦੇਸ਼ ਇੱਕ ਹੀ ਸੰਵਿਧਾਨ ਹੈ? ਫੇਰ ਕਾਰਵਾਈ ਦੇ ਮਾਪਦੰਡ ਦੋਹਰੇ ਕਿਉਂ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਦਿੱਲੀ ਦੇ ਵਿਧਾਇਕਾਂ ਦੀ ਮੈਂਬਰਸ਼ਿੱਪ ਰੱਦ ਕਰਨ ਦੀ ਸਿਫਾਰਸ਼ ਕਿਉਂ?

ਰਾਏ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਨਸਾਫ ਦੀ ਮੰਗ ਨੂੰ ਲੈ ਕੇ ਸਾਰੇ ਲੋਕਤੰਤਰਿਕ ਮੰਚਾਂ 'ਤੇ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਸਾਡੇ ਨਾਲ ਨੇ ਤੇ ਅਸੀਂ ਚੋਣ ਤੋਂ ਡਰੇ ਨਹੀਂ ਹਨ ਤੇ ਲੋਕ ਹੀ ਸਾਡਾ ਭਾਗ ਤੈਅ ਕਰਦੇ ਹਨ।