ਨਵੀਂ ਦਿੱਲੀ: ਚਾਂਦਨੀ ਚੌਕ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਲਕਾ ਲਾਂਬਾ ਨੇ ਇੱਕ ਵਾਰ ਆਪਣੀ ਹੀ ਪਾਰਟੀ ਖਿਲਾਫ ਨਿਸ਼ਾਨਾ ਸਾਧਿਆ ਹੈ। ਅਲਕਾ ਲਾਂਬਾ ਨੇ ਕਿਹਾ ਹੈ ਕਿ ਉਹ ਆਮ ਆਦਮੀ ਪਾਰਟੀ ਵਿੱਚ ਹੋਰ ਸਮਾਂ ਬਰਬਾਦ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਦੇਸ਼ ਭਰ ਵਿੱਚ ਮਜ਼ਬੂਤ ਹੋ ਰਹੀ ਹੈ ਤੇ ਉਹ ਉਸ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਦੇ ਸੱਦੇ ਦੀ ਉਡੀਕ ਹੈ।
ਅਲਕਾ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਕਾਂਗਰਸ ਬੀਜੇਪੀ ਨੂੰ ਹਰਾਉਣ ਵਿੱਚ ਕਾਮਯਾਬ ਹੋਏਗੀ। ਇਸ ਦੌਰਾਨ ਅਲਕਾ ਨੇ ਕਾਂਗਰਸ ਦੀ ਰੱਜ ਕੇ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਸਿਰਫ ਦਿੱਲੀ ਹੀ ਨਹੀਂ, ਦੇਸ਼ ਭਰ ਵਿੱਚ ਕਾਂਗਰਸ ਬੀਜੇਪੀ ਨੂੰ ਹਰਾਏਗੀ। ਉਨ੍ਹਾਂ ਕਿਹਾ ਕਿ ਕਾਂਗਰਸ ‘ਆਪ’ ਨਾਲ ਗਠਜੋੜ ਦੇ ਖਿਲਾਫ ਨਹੀਂ ਹੈ, ਪਰ ਕਾਂਗਰਸ ਆਪਣੇ ਵਰਕਰਾਂ ਨੂੰ ਪੁੱਛ ਰਹੀ ਹੈ ਪਰ ‘ਆਪ’ ਵਿੱਚ ਅਜਿਹਾ ਕੁਝ ਨਹੀਂ ਹੈ।
ਅਲਕਾ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਕਮਜ਼ੋਰ ਹੋ ਰਹੀ ਹੈ। ‘ਆਪ’ ਅੰਦਰ ਲੋਕਤੰਤਰਿਕ ਤਰੀਕੇ ਨਾਲ ਫੈਸਲੇ ਨਹੀਂ ਲਏ ਜਾ ਰਹੇ ਤੇ ਇਹੀ ਪਾਰਟੀ ਦੀ ਕਮਜ਼ੋਰੀ ਦੀ ਵਜ੍ਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਧਾਨ ਸਭਾ ਵਿੱਚ ਜਦੋਂ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦਾ ਪ੍ਰਸਤਾਵ ਆਇਆ ਤਾਂ ਉਨ੍ਹਾਂ ਨੂੰ ਠੇਸ ਪਹੁੰਚੀ। ਇਹ ਕਾਂਗਰਸ ’ਤੇ ਦਬਾਅ ਬਣਾਉਣ ਦੀ ਰਣਨੀਤੀ ਸੀ। ਅਲਕਾ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਇਸ ਪ੍ਰਸਤਾਵ ਦਾ ਸਮਰਥਨ ਕਰਨ ਲਈ ਕਿਹਾ ਗਿਆ ਸੀ।
ਅਲਕਾ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਪਾਰਟੀ ਤੋਂ ਨਾਖ਼ੁਸ਼ ਹਨ ਤੇ ਲਗਾਤਾਰ ਕਾਂਗਰਸ ਦੇ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਆਪਣੀ ਤਾਕਤ ਦਾ ਅਹਿਸਾਸ ਹੋਣਾ ਚਾਹੀਦਾ ਹੈ।