ਚੰਡੀਗੜ੍ਹ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਆਪਣੀ ਰੈਲੀ ਵਿੱਚ ਲੋਕਾਂ ਕੋਲੋਂ ‘ਚੌਕੀਦਾਰ ਚੋਰ ਹੈ’ ਦੇ ਨਾਅਰੇ ਲਗਵਾਏ। ਅੱਜ ਰਾਹੁਲ ਗਾਂਧੀ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿੱਚ ਰੈਲੀ ਕਰ ਰਹੇ ਹਨ। ਯਾਦ ਰਹੇ ਕਿ ਅੱਜ ਹੀ ਰਾਹੁਲ ਗਾਂਧੀ ’ਤੇ ਵਾਰ ਕਰਦਿਆਂ ਪੀਐਮ ਮੋਦੀ ਨੇ ‘ਮੈਂ ਵੀ ਚੌਕੀਦਾਰ’ ਨਾਂ ਤੋਂ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।


ਪੀਐਮ ਮੋਦੀ ਨੇ ਅੱਜ ਟਵੀਟ ਕਰਕੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਤੇ ਸਮਾਜਿਕ ਬੁਰਾਈਆਂ ਨਾਲ ਲੜ ਰਿਹਾ ਹਰ ਨਾਗਰਿਕ ਦੇਸ਼ ਦਾ ਚੌਕੀਦਾਰ ਹੈ। ਪੀਐਮ ਦੇ ਇਸ ਟਵੀਟ ਦੇ ਬਾਅਦ ਵੀ ਰਾਹੁਲ ਗਾਂਧੀ ਲਗਾਤਾਰ ਉਨ੍ਹਾਂ ’ਤੇ ਵਾਰ ਕਰ ਰਹੇ ਹਨ। ਅੱਜ ਫਿਰ ਉਨ੍ਹਾਂ ਆਪਣੀ ਰੈਲੀ ਵਿੱਚ ਰਾਫਾਲ ਸੌਦੇ ਦਾ ਮੁੱਦਾ ਚੁੱਕਿਆ।



ਮੋਦੀ ਦੇ ਟਵੀਟ ਤੋਂ ਬਾਅਦ ਰਾਹੁਲ ਗਾਂਧੀ ਨੇ ਵੀ ਉਨ੍ਹਾਂ ਨੂੰ ਜਵਾਬੀ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਮੋਦੀ ਜੀ ਡਿਫੈਂਸਿਵ (ਬਚਾਊ) ਹੋ ਗਏ ਹਨ। ਟਵੀਟ ਨਾਲ ਰਾਹੁਲ ਨੇ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ। ਇਸ ਵਿੱਚ ਪੀਐਮ ਮੋਦੀ, ਅਨਿਲ ਅੰਬਾਨੀ, ਮੇਹੁਲ ਚੌਕਸੀ, ਨੀਰਵ ਮੋਦੀ, ਵਿਜੈ ਮਾਲਿਆ, ਗੌਤਮ ਅਡਾਨੀ ਤੇ ਜੈ ਸ਼ਾਹ ਨਜ਼ਰ ਆ ਰਹੇ ਹਨ ਤੇ ਇਸ ਤਸਵੀਰ ’ਤੇ ਵੀ ‘ਮੈਂ ਵੀ ਚੌਕੀਦਾਰ’ ਲਿਖਿਆ ਹੈ।

ਉੱਧਰ ਕਾਂਗਰਸੀ ਲੀਡਰ ਰਣਦੀਪ ਸੁਰਜੇਵਾਲਾ ਨੇ ਵੀ ਟਵੀਟ ਕਰਕੇ ਮੋਦੀ ’ਤੇ ਹਮਲਾ ਕੀਤਾ ਹੈ। ਉਨ੍ਹਾਂ ਲਿਖਿਆ ਹੈ ਕਿ ਇੱਕ ਹੀ ਚੌਕੀਦਾਰ ਹੈ। ਇਸ ਦੇ ਨਾਲ ਹੀ ਉਨ੍ਹਾਂ ਨੀਰਵ ਮੋਦੀ, ਮੇਹੁਲ ਚੌਕਸੀ ਤੇ ਵਿਜੈ ਮਾਲਿਆ ਦਾ ਵੀ ਜ਼ਿਕਰ ਕੀਤਾ।