ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਸਾਰੇ ਸੰਸਦ ਮੈਂਬਰ, ਵਿਧਾਇਕ ਤੇ ਹੋਰ ਮੰਤਰੀ ਕੇਰਲ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਚੱਲ ਰਹੇ ਰਾਹਤ ਕਾਰਜਾਂ ਲਈ ਆਪਣੀ ਮਹੀਨੇ ਦੀ ਤਨਖਾਹ ਦਾਨ ਕਰਨਗੇ। ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਆਪਣੀ ਸਰਕਾਰ ਵੱਲੋਂ ਸੂਬੇ ਦੇ ਰਾਹਤ ਕਾਰਜਾਂ ਲਈ ਸ਼ੁੱਕਰਵਾਰ 10 ਕਰੋੜ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕੇਜਰੀਵਾਲ ਨੇ ਟਵੀਟ ਜ਼ਰੀਏ ਉਕਤ ਜਾਣਕਾਰੀ ਦਿੱਤੀ ਕਿ ਪਾਰਟੀ ਦੇ ਸਾਰੇ ਸੰਸਦ ਮੈਂਬਰ, ਵਿਧਾਇਕ ਤੇ ਹੋਰ ਮੰਤਰੀ ਕੇਰਲਾ ਲਈ ਆਪਣੀ ਇੱਕ ਮਹੀਨੇ ਦੀ ਤਨਖਾਹ ਦਾਨ ਕਰ ਰਹੇ ਹਨ। ਕੇਜਰੀਵਾਲ ਨੇ ਲੋਕਾਂ ਨੂੰ ਵੀ ਮੁਸ਼ਕਲ ਹਾਲਤ ਵਿੱਚ ਕੇਰਲਾ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕੇਰਲ ਦੇ ਹਮਰੁਤਬਾ ਪਿਨਾਰਾਈ ਵਿਜਯਨ ਨਾਲ ਵੀ ਗੱਲਬਾਤ ਕੀਤੀ। ਕੇਰਲ ਵਿੱਚ ਮੀਂਹ ਨਾਲ ਹੁਣ ਤਕ 324 ਮੌਤਾਂ ਹੋ ਗਈਆਂ ਹਨ। ਕੇਰਲ ਮਾਨਸੂਨੀ ਮੀਂਹ ਨਾਲ ਬੇਹੱਦ ਪ੍ਰਭਾਵਿਤ ਹੋਇਆ ਹੈ। ਸੂਬੇ ਦਾ ਵੱਡਾ ਹਿੱਸਾ ਪਾਣੀ ਵਿੱਚ ਡੁੱਬ ਗਿਆ ਹੈ। NDRF ਜਵਾਨਾਂ ਦੇ ਇਲਾਵਾ ਫ਼ੌਜ, ਜਲ ਸੈਨਾ ਤੇ ਹਵਾਈ ਫ਼ੌਜ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਆਪਣੇ-ਆਪਣੇ ਘਰਾਂ ਦੀਆਂ ਛੱਤਾਂ ਤੇ ਉੱਚੇ ਸਥਾਨਾਂ ’ਤੇ ਫਸੇ ਲੋਕਾਂ ਨੂੰ ਬਚਾਉਣ ਦਾ ਕੰਮ ਸ਼ੁਰੂ ਕੀਤਾ। ਉਚਾਈ ਵਾਲੇ ਇਲਾਕਿਆਂ ਵਿੱਚ ਪਹਾੜਾਂ ਦੇ ਖਿਸਕ ਕੇ ਸੜਕਾਂ ’ਤੇ ਡਿੱਗਣ ਕਾਰਨ ਸੜਕਾਂ ਬੰਦ ਹੋ ਗਈਆਂ ਸਨ, ਜਿਸ ਕਾਰਨ ਉੱਥੇ ਰਹਿੰਦੇ ਲੋਕਾਂ ਦਾ ਇਲਾਕੇ ਨਾਲੋਂ ਸੰਪਰਕ ਟੁੱਟ ਗਿਆ ਸੀ। ਔਰਤਾਂ, ਬੱਚਿਆਂ ਚੇ ਬਜ਼ੁਰਗਾਂ ਸਣੇ ਸੈਂਕੜੇ ਲੋਕ ਅਜਿਹੀਆਂ ਥਾਵਾਂ ’ਤੇ ਫਸੇ ਹਨ ਜਿੱਥੇ ਕਿਸ਼ਤੀ ਲਿਜਾਣਾ ਮੁਸ਼ਕਲ ਹੈ। ਇਨ੍ਹਾਂ ਲੋਕਾਂ ਨੂੰ ਰੱਖਿਆ ਮੰਤਰਾਲੇ ਦੀ ਮਦਦ ਨਾਲ ਹੈਲੀਕਾਪਟਰਾਂ ਰਾਹੀਂ ਬਚਾਇਆ ਗਿਆ ਹੈ।