ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਮਗਰੋਂ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੱਲ੍ਹ ਪਹਿਲੀ ਵਾਰ ਪੰਜਾਬ ਦੀ ਸਾਰੀ ਲੀਡਰਸ਼ਿਪ ਨਾਲ ਇਕੱਠੇ ਮੀਟਿੰਗ ਕੀਤੀ। ਮੀਟਿੰਗ ਵਿੱਚ ਲੋਕ ਸਭਾ ਚੋਣਾਂ ਬਾਰੇ ਰਣਨੀਤੀ ਉਲੀਕਦਿਆਂ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਦਿੱਲੀ ਸਰਕਾਰ ਦੀ ਵੱਚਨਬੱਧਤਾ, ਇਮਾਨਦਾਰੀ ਤੇ ਕੰਮ ਨੂੰ ਵੇਖਦਿਆਂ ਦੇਸ਼ ਦੇ ਲੋਕਾਂ ਲਈ ‘ਆਪ’ ਹੀ ਆਖ਼ਰੀ ਉਮੀਦ ਬਚੀ ਹੈ। ਇਸ ਮੌਕੇ ਕੇਜਰੀਵਾਲ ਨੇ ਫੈਸਲਾ ਲਿਆ ਕਿ ਲੋਕ ਸਭਾ ਚੋਣਾਂ ਦੌਰਾਨ 7 ਹਜ਼ਾਰ ਪਿੰਡਾਂ ਵਿੱਚ ‘ਆਪ’ ਦੀ ਕਮਾਨ ਨਵੇਂ ਬਣੇ ਪੰਚਾਂ, ਸਰਪੰਚਾਂ ਤੇ ਸਮਰਥਕਾਂ ਨੂੰ ਸੌਂਪੀ ਜਾਏਗੀ।
ਬੈਠਕ ਦੌਰਾਨ ਬੂਥ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਬਣਾਈ ਗਈ। ਹਰ ਬੂਥ ਲਈ 20 ਵਲੰਟੀਅਰਾਂ ਦਾ ਟੀਚਾ ਦਿੱਤਾ ਗਿਆ ਹੈ। ਇਸ ਦੌਰਾਨ ਕੇਜਰੀਵਾਲ ਨੇ ਅਹੁਦੇਦਾਰਾਂ ਨਾਲ ਸਵਾਲ-ਜਵਾਬ ਵੀ ਕੀਤੇ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਦਿੱਲੀ ਸਰਕਾਰ ਦੇ ਸਿਹਤ, ਸਿੱਖਿਆ, ਬਿਜਲੀ,ਪਾਣੀ ਤੇ ਲੋਕ ਭਲਾਈ ਦੇ ਹੋਮ ਡਿਲੀਵਰੀ ਵਰਗੇ ਕੰਮ ਵੇਖਣ ਲਈ ਦਿੱਲੀ ਪੁੱਜਣ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਕਾਂਗਰਸ, ਅਕਾਲੀ ਦਲ ਤੇ ਬੀਜੇਪੀ ’ਤੇ ਵਾਰ ਕਰਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਲੋਕਾਂ ਨੂੰ ਲੁੱਟਣ ਦੇ ਇਲਾਵਾ ਕੋਈ ਕੰਮ ਨਹੀਂ ਕੀਤਾ।
ਕੇਜਰੀਵਾਲ ਦੇ ਡਿਪਟੀ ਸੀਐਮ ਸਿਸੋਦੀਆ ਨੇ ਕਿਹਾ ਕਿ ਕਰੀਬ 7 ਹਜ਼ਾਰ ਪਿੰਡਾਂ ਵਿੱਚ ‘ਆਪ’ ਦੇ ਪੰਚ ਤੇ ਸਰਪੰਚ ਚੁਣ ਕੇ ਕਰੀਬ ਅੱਧੇ ਪੰਜਾਬ ਨੇ ‘ਆਪ’ ’ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਕਿਹਾ ਕਿ ਬਹੁਤੇ ਵਿਰੋਧੀ ‘ਆਪ’ ਤੋਂ ਡਰਦੇ ਹਨ ਤੇ ਪਾਰਟੀ ਦਿੱਲੀ ਬਨਾਮ ਪੰਜਾਬ ’ਚ ਵੰਡਣ ਦੀ ਤਾਕ ਰੱਖ ਰਹੇ ਹਨ। ਇਸ ਮੌਕੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਵਿੱਚ ਅਨੁਸ਼ਾਸਨ ਦੀ ਸਭ ਤੋਂ ਉੱਪਰ ਹੈ। ਅਨੁਸ਼ਾਸਨ ਨੇ ਬਗੈਰ ਘਰ ਵੀ ਨਹੀਂ ਚੱਲ ਸਕਦਾ। ਮਾਨ ਨੇ ਕਿਹਾ ਕਿ ਪਾਰਟੀ ਬਿਜਲੀ, ਬੇਰੁਜ਼ਗਾਰੀ, ਕਿਸਾਨੀ ਤੇ ਮਜ਼ਦੂਰਾਂ ਲਈ ਜਨ-ਅੰਦੋਲਨ ਸ਼ੁਰੂ ਕਰੇਗੀ।