ਨਵੀਂ ਦਿੱਲੀ: ਲੋਕ ਸਭਾ ਚੋਣਾਂ ਲਈ ਗਠਜੋੜ ਲਈ ਜੂਝ ਰਹੀਆਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਹੁਣ ਇਕੱਠੀਆਂ ਨਹੀਂ ਹੋਣਗੀਆਂ। ਪਰ ਗਠਜੋੜ ਬਣਨ ਦੀਆਂ ਸੰਭਾਵਨਾਵਾਂ ਖ਼ਤਮ ਹੋਣ ਮਗਰੋਂ 'ਆਪ' ਨੇ ਕਾਂਗਰਸ 'ਤੇ ਵੱਡਾ ਹਮਲਾ ਬੋਲਿਆ ਹੈ।


'ਆਪ' ਨੇ ਕਿਹਾ ਹੈ ਕਿ ਜੇਕਰ ਮੋਦੀ ਤੇ ਸ਼ਾਹ ਦੀ ਜੋੜੀ ਮੁੜ ਤੋਂ ਸੱਤਾ ਵਿੱਚ ਆਉਂਦੀ ਹੈ ਤਾਂ ਇਸ ਲਈ ਕਾਂਗਰਸ ਜ਼ਿੰਮੇਵਾਰ ਹੋਵੇਗੀ। ਦਿੱਲੀ ਵਿੱਚ ਪ੍ਰੈਸ ਕਾਨਫ਼ਰੰਸ ਕਰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਕਾਂਗਰਸ ਨੇ ਬੀਤੇ ਕੱਲ੍ਹ ਹਰਿਆਣਾ ਬਾਰੇ ਜਾਰੀ ਗੱਲਬਾਤ 'ਤੇ ਰੋਕ ਲਾ ਦਿੱਤੀ ਹੈ। ਅਸੀਂ ਦਿੱਲੀ, ਗੋਆ, ਪੰਜਾਬ ਅਤੇ ਹਰਿਆਣਾ ਸਮੇਤ ਕੁੱਲ 33 ਸੀਟਾਂ 'ਤੇ ਗਠਜੋੜ ਦਾ ਪਲਾਨ ਬਣਾਇਆ ਸੀ। ਪਰ ਕਾਂਗਰਸ ਨੇ ਦਿੱਲੀ ਨੂੰ ਛੱਡ ਸਾਰੀਆਂ ਥਾਵਾਂ 'ਤੇ ਗਠਜੋੜ ਤੋਂ ਮਨ੍ਹਾ ਕਰ ਦਿੱਤਾ।

ਸਿਸੋਦੀਆ ਨੇ ਕਿਹਾ ਕਿ ਦਿੱਲੀ ਵਿੱਚ ਭਾਜਪਾ ਆਪਣੇ ਉਮੀਦਵਾਰ ਐਲਾਨਣ ਤੋਂ ਵੀ ਡਰ ਰਹੀ ਹੈ। ਅਜਿਹੇ ਵਿੱਚ ਕਾਂਗਰਸ ਕੋਲ ਦਿੱਲੀ 'ਚ ਕੋਈ ਵਿਧਾਇਕ ਜਾਂ ਐਮਪੀ ਨਹੀਂ ਹੈ ਫਿਰ ਵੀ ਤਿੰਨ ਸੀਟਾਂ ਦੀ ਮੰਗ ਕੀਤੀ ਜਾ ਰਹr ਹੈ। ਸਿਸੋਦੀਆ ਨੇ ਕਿਹਾ ਕਿ ਜੀਂਦ ਜ਼ਿਮਨੀ ਚੋਣ ਦੇ ਨਤੀਜੇ ਮਗਰੋਂ ਹੁਣ ਕਾਂਗਰਸ ਦੇ ਸਾਰੇ ਨੇਤਾ ਮੰਨ ਰਹੇ ਹਨ ਕਿ ਉਹ ਇਕੱਲੇ ਚੋਣ ਹਾਰ ਰਹੇ ਹਨ।