ਨਵੀਂ ਦਿੱਲੀ: ਆਈਪੀਐਲ ਚੱਲ ਰਿਹਾ ਹੈ ਤੇ ਵਰਲਡ ਕੱਪ ਸਿਰ 'ਤੇ ਹੈ। ਕੇਐਲ ਰਾਹੁਲ ਤੇ ਹਾਰਦਿਕ ਪਾਂਡਿਆ ਦੀ ਵਿਸ਼ਵ ਕੱਪ ਟੀਮ ਵਿੱਚ ਚੋਣ ਵੀ ਹੋ ਚੁੱਕੀ ਹੈ ਪਰ ਇਸੇ ਦੌਰਾਨ ਦੋਵਾਂ ਖਿਡਾਰੀਆਂ ਨੂੰ ਕਰਨ ਜੌਹਰ ਦੇ ਟੀਵੀ ਸ਼ੋਅ 'ਕਾਫ਼ੀ ਵਿਦ ਕਰਨ' ਵਿੱਚ ਭੱਦੀ ਟਿੱਪਣੀ ਕਰਨ ਲਈ ਸਜ਼ਾ ਦਾ ਐਲਾਨ ਹੋ ਗਿਆ ਹੈ। ਬੀਸੀਸੀਆਈ ਦੇ ਲੋਕਪਾਲ ਨੇ ਦੋਵਾਂ ਖਿਡਾਰੀਆਂ ਨੂੰ 20-20 ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਹੈ। ਇਹ ਪੈਸਾ ਉਨ੍ਹਾਂ ਨੂੰ ਦਾਨ ਵਿੱਚ ਦੇਣ ਦੇ ਨਿਰਦੇਸ਼ ਹੋਏ ਹਨ।

ਇਸ ਵਿਵਾਦ ਦੇ ਨਿਪਟਾਰੇ ਲਈ ਨਿਯੁਕਤ ਕੀਤੇ ਗਏ ਲੋਕਪਾਲ ਡੀਕੇ ਜੈਨ ਨੇ ਦੱਸਿਆ ਕਿ ਦੋਵਾਂ ਨੂੰ 20-20 ਲੱਖ ਰੁਪਏ ਦਾ ਜ਼ੁਰਮਾਨਾ ਭਰਨ ਲਈ ਕਿਹਾ ਗਿਆ ਹੈ। ਦੋਵੇਂ ਖਿਡਾਰੀ ਇੱਕ-ਇੱਕ ਲੱਖ ਰੁਪਏ ਪ੍ਰਤੀ ਪਰਿਵਾਰ ਸ਼ਹੀਦਾਂ ਦੇ 10 ਪਰਿਵਾਰਾਂ ਨੂੰ ਦੇਣਗੇ ਤੇ ਇਸ ਦੇ ਨਾਲ ਹੀ ਦੋਵੇਂ ਖਿਡਾਰੀ 10-10 ਲੱਖ ਰੁਪਏ ਕ੍ਰਿਕੇਟ ਐਸੋਸੀਏਸ਼ਨ ਆਫ ਬਲਾਈਂਡ ਯਾਨੀ ਨੇਤਰਹੀਣ ਕ੍ਰਿਕੇਟਰਾਂ ਦੀ ਐਸੋਸੀਏਸ਼ਨ ਨੂੰ ਵੀ ਦੇਣਗੇ।


ਬੀਸੀਸੀਆਈ ਨੂੰ ਆਰਡਰ ਦਿੱਤਾ ਗਿਆ ਹੈ ਕਿ ਜੇ ਦੋਵਾਂ ਖਿਡਾਰੀਆਂ ਨੇ ਇਹ ਆਰਡਰ ਮਿਲਣ ਦੇ ਚਾਰ ਹਫ਼ਤਿਆਂ ਅੰਦਰ ਜ਼ੁਰਮਾਨਾ ਨਾ ਭਰਿਆ ਤਾਂ ਇਹ ਰਕਮ ਉਨ੍ਹਾਂ ਦੀ ਮੈਚ ਫੀਸ ਵਿੱਚੋਂ ਕੱਟੀ ਜਾਏਗੀ। ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਹੈ ਕਿ ਦੋਵੇਂ ਖਿਡਾਰੀ ਪਹਿਲਾਂ ਹੀ 30-30 ਲੱਖ ਰੁਪਏ ਦਾ ਨੁਕਸਾਨ ਝੱਲ ਚੁੱਕੇ ਹਨ। ਇਨ੍ਹਾਂ ਦੋਵਾਂ ਨੂੰ ਆਸਟ੍ਰੇਲੀਆ ਦੌਰੇ ਤੋਂ ਵਾਪਸ ਭੇਜ ਦਿੱਤਾ ਗਿਆ ਸੀ। ਉਸ ਦੌਰਾਨ ਇਨ੍ਹਾਂ 5-5 ਮੈਚ ਛੱਡੇ ਸੀ।

ਦੱਸ ਦੇਈਏ ਰਾਹਤ ਵਜੋਂ ਬੀਸੀਸੀਆਈ ਲੋਕਪਾਲ ਨੇ ਦੋਵਾਂ ਖਿਡਾਰੀਆਂ 'ਤੇ ਕਿਸੇ ਤਰ੍ਹਾਂ ਦਾ ਕੋਈ ਬੈਨ ਨਹੀਂ ਲਾਇਆ। ਦੋਵੇਂ ਜਣੇ ਆਈਪੀਐਲ ਤੇ ਵਰਲਡ ਕੱਪ ਵਿੱਚ ਹਿੱਸਾ ਲੈ ਸਕਦੇ ਹਨ। ਯਾਦ ਰਹੇ ਹਾਰਦਿਕ ਪਾਂਡਿਆਂ ਤੇ ਕੇਐਲ ਰਾਹੁਲ ਨੇ ਕਰਨ ਜੌਹਰ ਦੇ ਸ਼ੋਅ ਦੌਰਾਨ ਮਹਿਲਾਵਾਂ ਪ੍ਰਤੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ।