ਭੁਪਾਲ: 26/11 ਮੁੰਬਈ ਦਹਿਸ਼ਤੀ ਹਮਲੇ ’ਚ ਸ਼ਹੀਦ ਹੋਏ ਅਸ਼ੋਕ ਚੱਕਰ ਨਾਲ ਸਨਮਾਨੇ ਗਏ ਆਈਪੀਐੱਸ ਅਧਿਕਾਰੀ ਹੇਮੰਤ ਕਰਕਰੇ ਨੂੰ ਦੇਸ਼ਧਰੋਹੀ ਦੱਸਣ ਵਾਲੀ ਸਾਧਵੀ ਪ੍ਰਗਿਆ ਠਾਕੁਰ ਨੇ ਹੁਣ ਮੁਆਫ਼ੀ ਮੰਗ ਲਈ ਹੈ। ਸਾਧਵੀ ਦੇ ਬਿਆਨ 'ਤੇ ਸਿਆਸੀ ਅਤੇ ਪ੍ਰਸ਼ਾਸਨਿਕ ਗਲਿਆਰਿਆਂ ਵਿੱਚੋਂ ਕਾਫੀ ਵਿਰੋਧ ਹੋਣ ਲੱਗਾ ਸੀ, ਜਿਸ ਕਾਰਨ ਉਹ ਪਿੱਛੇ ਹਟ ਗਈ। ਇਸ ਬਿਆਨ ਦਾ ਅੱਜ ਚੋਣ ਕਮਿਸ਼ਨ ਨੇ ਵੀ ਨੋਟਿਸ ਲੈ ਲਿਆ ਹੈ।


ਮਾਲੇਗਾਉਂ ਬੰਬ ਧਮਾਕਿਆਂ ਦੀ ਮੁਲਜ਼ਮ ਅਤੇ ਭਾਜਪਾ ਦੀ ਭੋਪਾਲ ਲੋਕ ਸਭਾ ਸੀਟ ਤੋਂ ਉਮੀਦਵਾਰ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੇ ਕਿਹਾ ਕਿ ਉਸ ਦੇ ਬਿਆਨ ਨਾਲ ਦੇਸ਼ ਦੇ ਦੁਸ਼ਮਣਾਂ ਨੂੰ ਲਾਹਾ ਹੋ ਸਕਦਾ ਹੈ, ਇਸ ਲਈ ਉਹ ਆਪਣਾ ਬਿਆਨ ਵਾਪਸ ਲੈਂਦੀ ਹੈ। ਸਾਧਵੀ ਦੇ ਬਿਆਨ 'ਤੇ ਕਾਂਗਰਸੀ ਉਮੀਦਵਾਰ ਦਿਗਵਿਜੈ ਸਿੰਘ ਨੇ ਕਿਹਾ ਕਿ ਹੇਮੰਤ ਕਰਕਰੇ ਵਰਗੇ ਦੇਸ਼ ਨੂੰ ਸਮਰਪਿਤ ਅਧਿਕਾਰੀ ਦੀ ਕੁਰਬਾਨੀ ’ਤੇ ਮਾਣ ਹੋਣਾ ਚਾਹੀਦਾ ਹੈ ਨਾ ਕਿ ਉਨ੍ਹਾਂ ਬਾਰੇ ਕੋਈ ਵਿਵਾਦਤ ਟਿੱਪਣੀ ਨਹੀਂ ਕਰਨੀ ਚਾਹੀਦੀ ਹੈ।


ਏਆਈਐੱਮਆਈਐੱਮ ਦੇ ਆਗੂ ਅਸਦੁਦੀਨ ਓਬੈਸੀ ਨੇ ਵੀ ਪ੍ਰੱਗਿਆ ਦੇ ਬਿਆਨ ਦੀ ਨਿਖੇਧੀ ਕੀਤੀ। ਇਸ ਤੋਂ ਇਲਾਵਾ ਸੇਵਾਮੁਕਤ ਆਈਪੀਐੱਸ ਐਸੋਸੀਏਸ਼ਨ ਦੇ ਚੇਅਰਮੈਨ ਜੂਲੀਓ ਫਰਾਂਸਿਸ ਰਿਬੈਰੋ ਨੇ ਵੀ ਇਸ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਕਰਕਰੇ ਬਹੁਤ ਹੀ ਸਮਰੱਥ ਅਧਿਕਾਰੀ ਸੀ ਤੇ ਉਸ ਦੇ ਵਿਰੁੱਧ ਇੱਕ ਵੀ ਸ਼ਿਕਾਇਤ ਨਹੀਂ ਸੀ।

ਦਰਅਸਲ, ਸਾਧਵੀ ਪ੍ਰਗਿਆ ਠਾਕੁਰ ਨੇ ਕਿਹਾ ਸੀ ,‘‘ਹੇਮੰਤ ਕਰਕਰੇ ਨੂੰ ਮਾਲੇਗਾਉਂ ਧਮਾਕਿਆਂ ਦੀ ਜਾਂਚ ਟੀਮ ਦੇ ਮੈਂਬਰ ਨੇ ਮੁੰਬਈ ਸੱਦਿਆ ਸੀ। ਉਸ ਸਮੇਂ ੳਹ ਮੁੰਬਈ ਜੇਲ੍ਹ ’ਚ ਬੰਦ ਸੀ। ਕਮਿਸ਼ਨ ਮੈਂਬਰ ਨੇ ਉਸ ਨੂੰ ਕਿਹਾ ਕਿ ਜੇਕਰ ਮੇਰੇ ਖ਼ਿਲਾਫ਼ ਕੋਈ ਸਬੂਤ ਨਹੀਂ ਹੈ ਤਾਂ ਮੈਨੂੰ ਜੇਲ੍ਹ ’ਚ ਗ਼ੈਰਕਾਨੂੰਨੀ ਢੰਗ ਨਾਲ ਨਹੀਂ ਰੱਖਣਾ ਚਾਹੀਦਾ। ਪਰ ਕਰਕਰੇ ਨੇ ਕਿਹਾ ਕਿ ਉਹ ਹਰ ਹਾਲ ’ਚ ਸਬੂਤ ਲੈ ਕੇ ਆਏਗਾ ਪਰ ਸਾਧਵੀ ਨੂੰ ਨਹੀਂ ਛੱਡੇਗਾ।’’

ਸਾਧਵੀ ਨੇ ਕਿਹਾ,‘‘ਇਹ ਕਰਕਰੇ ਦੀ ਚਲਾਕੀ ਸੀ। ਇਹ ਦੇਸ਼ਧ੍ਰੋਹ ਸੀ। ਇਹ ਧਰਮ ਖ਼ਿਲਾਫ਼ ਸੀ। ਉਹ ਹਰ ਤਰ੍ਹਾਂ ਦੇ ਸਵਾਲ ਕਰਦਾ ਸੀ। ਇਹ ਕਿਉਂ ਹੋਇਆ, ਉਹ ਕਿਉਂ ਹੋਇਆ? ਮੈਂ ਆਖਦੀ ਸੀ ਮੈਨੂੰ ਨਹੀਂ ਪਤਾ, ਰੱਬ ਜਾਣਦਾ ਹੈ। ਉਹ ਆਖਦਾ ਸੀ ਕੀ ਮੈਨੂੰ ਸਾਰਾ ਕੁੱਝ ਜਾਣਨ ਲਈ ਰੱਬ ਕੋਲ ਜਾਣਾ ਚਾਹੀਦਾ ਹੈ। ਮੈਂ ਉਸ ਨੂੰ ਆਖਿਆ ਜੇਕਰ ਤੂੰ ਜਾਣਾ ਚਾਹੁੰਦਾ ਹੈ ਤਾਂ ਜਾ। ਤੁਹਾਨੂੰ ਵਿਸ਼ਵਾਸ ਕਰਨਾ ਮੁਸ਼ਕਲ ਹੋਵੇਗਾ ਪਰ ਮੈਂ ਉਸ ਨੂੰ ਕਿਹਾ ਕਿ ਉਸ ਦਾ ਸਰਬਨਾਸ਼ ਹੋ ਜਾਵੇਗਾ।’’ ਕਰਕਰੇ ਨਵੰਬਰ 2008 ’ਚ ਮੁੰਬਈ ’ਚ ਦਹਿਸ਼ਤਗਰਦਾਂ ਨਾਲ ਲੜਦਿਆਂ ਸ਼ਹੀਦ ਹੋ ਗਏ ਸਨ।