ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ 2019 ਲੋਕ ਸਭਾ ਚੋਣਾਂ ਲਈ ਕਾਂਗਰਸ ਨਾਲ ਕਿਸੇ ਵੀ ਕੀਮਤ 'ਤੇ ਗਠਜੋੜ ਨਾ ਕਰਨ ਦਾ ਫੈਸਲਾ ਕਰ ਲਿਆ ਹੈ। ਦਿੱਲੀ ਵਿੱਚ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ ਮੁੜ ਤੋਂ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਮਗਰੋਂ 'ਆਪ' ਦਾ ਤਾਜ਼ਾ ਬਿਆਨ ਆਇਆ ਹੈ।

'ਆਪ' ਨੇਤਾ ਸੌਰਭ ਭਾਰਦਵਾਜ ਨੇ ਕਿਹਾ ਕਿ ਕਾਂਗਰਸ ਨੂੰ ਕਿਸੇ ਭੁਲੇਖੇ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਅਸੀਂ ਗਠਜੋੜ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ, ਪੰਜਾਬ, ਗੋਆ ਵਿੱਚ ਸਾਰੀਆਂ ਸੀਟਾਂ 'ਤੇ ਚੋਣਾਂ ਲੜਾਂਗੇ। ਉਨ੍ਹਾਂ ਇਹ ਵੀ ਕਿਹਾ ਕਿ 2019 ਜਾਂ ਇਸ ਤੋਂ ਅੱਗੇ ਵੀ ਕਾਂਗਰਸ ਨਾਲ ਕਿਤੇ ਵੀ ਗਠਜੋੜ ਕਰਨ ਦਾ ਸਵਾਲ ਹੀ ਨਹੀਂ ਹੈ।

ਇਸ ਤੋਂ ਪਹਿਲਾਂ 'ਆਪ' ਦੀ ਦਿੱਲੀ ਇਕਾਈ ਦੇ ਕਨਵੀਨਰ ਗੋਪਾਲ ਰਾਏ ਨੇ ਕਿਹਾ ਸੀ ਕਿ 'ਆਪ' ਤੇ ਕਾਂਗਰਸ ਦਰਮਿਆਨ ਗਠਜੋੜ ਹੋਵੇਗਾ ਜਾਂ ਨਹੀਂ, ਹਾਲੇ ਇਹ ਦੱਸਣਾ ਮੁਸ਼ਕਿਲ ਹੈ। ਉਨ੍ਹਾਂ ਇਸ ਬਾਰੇ ਲੋਕਾਂ ਦੀ ਰਾਇ ਜਾਣਨ ਦੀ ਗੱਲ ਕਹੀ ਸੀ। ਉੱਧਰ, ਪ੍ਰਧਾਨ ਬਣਨ ਮਗਰੋਂ ਸ਼ੀਲਾ ਦੀਕਸ਼ਿਤ ਨੇ ਵੀ ਦੋਵਾਂ ਪਾਰਟੀਆਂ ਦਰਮਿਆਨ ਗਠਜੋੜ ਦੀਆਂ ਸੰਭਾਵਨਾਵਾਂ ਖਾਰਜ ਕਰ ਦਿੱਤੀਆਂ ਹਨ।