ਨਵੀਂ ਦਿੱਲੀ: ਸਥਾਨਕ ਸ਼ੁਕਰਪੁਰ ਵਿੱਚ ਵਿਆਹ ਦੇ ਮੰਡਪ ਵਿੱਚ ਲਾੜਾ ਲਾੜੀ ਇੱਕ-ਦੂਜੇ ਵਰਮਾਲਾ ਪਾ ਰਹੇ ਸੀ ਤਾਂ ਇੱਕ ਅਣਪਛਾਤੇ ਸ਼ਖ਼ਸ ਨੇ ਲਾੜੀ ਦੇ ਪੈਰ ’ਤੇ ਗੋਲ਼ੀ ਮਾਰ ਦਿੱਤੀ। ਘਟਨਾ ਦੇ ਤੁਰੰਤ ਬਾਅਦ ਲਾੜੀ ਨੂੰ ਨਜ਼ਦੀਕੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਸ ਦੇ ਇਲਾਜ ਬਾਅਦ ਫਿਰ ਵਿਆਹ ਦੀਆਂ ਰਸਮਾਂ ਕੀਤੀਆਂ ਗਈਆਂ।



ਦਿੱਲੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਗੱਲ ਦਾ ਪਤਾ ਲਾਇਆ ਜਾ ਰਿਹਾ ਹੈ ਕਿ ਗੋਲ਼ੀ ਜਾਣਬੁੱਝ ਕੇ ਮਾਰੀ ਗਈ ਸੀ ਜਾਂ ਇਹ ਮਹਿਜ਼ ਇੱਕ ਦੁਰਘਟਨਾ ਸੀ। ਇਸ ਸਬੰਧੀ ਲਾੜੇ ਨੇ ਕਿਹਾ ਕਿ ਗੋਲ਼ੀ ਚਲਾਉਣ ਵਾਲੇ ਸ਼ਖ਼ਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਗੋਲੀ ਦੁਲਹਨ ਦੇ ਪੈਰ ਨੂੰ ਛੂਹ ਕੇ ਨਿਕਲ ਗਈ।

ਵਿਆਹ ’ਚ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਲਾੜਾ ਤੇ ਲਾੜੀ ਵਰਮਾਲਾ ਲਈ ਮਿਲ ਰਹੇ ਸੀ ਤਾਂ ਕਿਸੇ ਨੇ ਗੋਲ਼ੀ ਚਲਾ ਦਿੱਤੀ। ਗੋਲ਼ੀ ਲੱਗਦਿਆਂ ਹੀ ਲਾੜੀ ਜ਼ਮੀਨ ’ਤੇ ਡਿੱਗ ਪਈ। ਡਾਕਟਰਾਂ ਨੇ ਉਸ ਨੂੰ ਵਿਆਹ ਕਰਾਉਣੋਂ ਮਨ੍ਹਾ ਕੀਤਾ ਪਰ ਉਸ ਨੇ ਜ਼ਿਦ ਕੀਤੀ ਤਾਂ ਡਾਕਟਰਾਂ ਉਸ ਨੂੰ ਛੁੱਟੀ ਦੇ ਦਿੱਤੀ।