ਨਵੀਂ ਦਿੱਲੀ: ਤਿੰਨ ਸੂਬਿਆਂ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਬੁਲੰਦ ਹੌਸਲੇ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸਾਲ 2019 ਦੀ ਸ਼ੁਰੂਆਤ ਵਿੱਚ ਕੇਜਰੀਵਾਲ ਨੇ ਕਰਾਰਾ ਝਟਕਾ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਉਹ 2019 ਦੀਆਂ ਲੋਕ ਸਭਾ ਚੋਣਾਂ ਲਈ ਮਹਾਂਗਠਜੋੜ ਦਾ ਹਿੱਸਾ ਨਹੀਂ ਰਹਿਣਗੇ।
ਇਹ ਵੀ ਪੜ੍ਹੋ- ਪੰਜਾਬ ਦੀ ਸਾਰੀ ਲੀਡਰਸ਼ਿਪ ਪਹੁੰਚੀ ਕੇਜਰੀਵਾਲ ਦੇ ਦਰਬਾਰ
'ਆਪ' ਨੇ ਦਿੱਲੀ ਵਿੱਚ ਬੈਠਕ ਸੱਦੀ ਸੀ ਜਿਸ ਵਿੱਚ ਸੂਬਾਈ ਇਕਾਈਆਂ ਦੇ ਅਹੁਦੇਦਾਰਾਂ ਨੂੰ ਵੀ ਸੱਦਿਆ ਸੀ, ਜਿਸ ਵਿੱਚ ਪੰਜਾਬ ਦੇ ਅਹੁਦੇਦਾਰ ਵੀ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਖ਼ਬਰ ਆਈ ਕਿ 'ਆਪ' ਮਹਾਂਗਠਜੋੜ ਦਾ ਹਿੱਸਾ ਨਹੀਂ ਰਹੇਗੀ। ਬੀਤੀ 28 ਦਸੰਬਰ ਨੂੰ ਭਗਵੰਤ ਮਾਨ ਨੇ ਵੀ ਇਹੋ ਐਲਾਨ ਕੀਤਾ ਸੀ। ਦਿੱਲੀ ਵਿੱਚ ਪੀਏਸੀ ਦੀ ਬੈਠਕ ਤੋਂ ਬਾਅਦ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਤੇ ਹੋਰਾਂ ਨੇ ਦੱਸਿਆ ਸੀ ਕਿ ਆਮ ਆਦਮੀ ਪਾਰਟੀ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜਨ ਜਾ ਰਹੀ ਹੈ। ਉਨ੍ਹਾਂ ਕਿਹਾ ਸੀ ਕਿ ਜੇਕਰ ਅਸੀਂ ਕਾਂਗਰਸ ਨਾਲ ਗਠਜੋੜ ਕਰ ਲਿਆ ਤਾਂ ਲੋਕਾਂ ਨੂੰ ਕੀ ਮੂੰਹ ਵਿਖਾਵਾਂਗੇ।
ਸਬੰਧਤ ਖ਼ਬਰ- 2019 ਲੋਕ ਸਭਾ ਚੋਣਾਂ: ਗੱਠਜੋੜ ਬਾਰੇ 'ਆਪ' ਦਾ ਵੱਡਾ ਐਲਾਨ
ਅੱਜ ਵੀ 'ਆਪ' ਪੰਜਾਬ ਦੇ ਅਹੁਦੇਦਾਰਾਂ ਨੇ ਕੇਜਰੀਵਾਲ ਨਾਲ ਮੁਲਕਾਤ ਦੌਰਾਨ ਅਜਿਹੇ ਵਿਚਾਰ ਦੱਸੇ ਤੇ ਕੇਜਰੀਵਾਲ ਨੇ ਗਠਜੋੜ ਵਾਲਾ ਵਰਕਾ ਹੀ ਪਾੜ ਦਿੱਤਾ। ਹੁਣ 'ਆਪ' ਸਾਲ 2014 ਦੀਆਂ ਲੋਕ ਸਭਾ ਚੋਣਾਂ ਵਾਂਗ ਸਾਰੇ ਦੇਸ਼ ਵਿੱਚ ਨਹੀਂ ਬਲਕਿ ਸਿਰਫ਼ 33 ਸੀਟਾਂ 'ਤੇ ਹੀ ਧਿਆਨ ਕੇਂਦਰਤ ਕਰੇਗੀ। ਇਸ ਵਿੱਚ ਦਿੱਲੀ ਦੀਆਂ ਸੱਤ, ਪੰਜਾਬ ਦੀਆਂ 13, ਹਰਿਆਣਾ ਦੀਆਂ 10, ਗੋਆ ਦੀਆਂ ਦੋ ਤੇ ਚੰਡੀਗੜ੍ਹ ਦੀ ਇੱਕ ਸੀਟ ਸ਼ਾਮਲ ਹੈ। ਪਾਰਟੀ 15 ਫਰਵਰੀ ਤਕ ਸਾਰੇ ਉਮੀਦਵਾਰਾਂ ਦੇ ਨਾਂ ਵੀ ਐਲਾਨ ਸਕਦੀ ਹੈ।