ਸਿਡਨੀ: ਆਸਟ੍ਰੇਲੀਆ ਖ਼ਿਲਾਫ਼ ਚਾਰ ਮੈਚਾਂ ਦੀ ਲੜੀ ਦੇ ਆਖ਼ਰੀ ਮੈਚ ਵਿੱਚ ਪਹਿਲੀ ਪਾਰੀ ਦੌਰਾਨ ਭਾਰਤ 90 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ 303 ਦੌੜਾਂ ਬਣਾ ਕੇ ਇਤਿਹਾਸ ਸਿਰਜਣ ਵੱਲ ਵਧ ਰਿਹਾ ਹੈ। ਇਸ ਟੈਸਟ ਲੜੀ ਵਿੱਚ ਭਾਰਤ ਦੋ-ਇੱਕ ਨਾਲ ਅੱਗੇ ਚੱਲ ਰਿਹਾ ਹੈ। ਜੇਕਰ ਭਾਰਤ ਇਹ ਸੀਰੀਜ਼ ਜਿੱਤਦਾ ਹੈ ਤਾਂ ਆਸਟ੍ਰੇਲੀਆ ਦੀ ਧਰਤੀ 'ਤੇ 71 ਸਾਲਾਂ ਵਿੱਚ ਪਹਿਲੀ ਟੈਸਟ ਲੜੀ ਜਿੱਤ ਕੇ ਇਤਿਹਾਸ ਬਣਾ ਸਕਦਾ ਹੈ।


ਭਾਰਤ ਦੇ ਚੇਤੇਸ਼ਵਰ ਪੁਜਾਰਾ 130 ਦੌੜਾਂ ਬਣਾ ਕੇ ਨਾਬਾਦ ਹਨ ਅਤੇ ਦੂਜੇ ਪਾਸੇ ਮਿਅੰਕ ਅੱਗਰਵਾਲ ਵੱਲੋਂ 77 ਅਤੇ ਹਨੂਮਾ ਵਿਹਾਰੀ ਨੇ 39 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਹਾਲਾਂਕਿ, ਵਿਰਾਟ ਕੋਹਲੀ (23) ਤੇ ਅਜਿੰਕਿਆ ਰਹਾਣੇ (18) ਸਸਤੇ ਵਿੱਚ ਹੀ ਪੈਵੇਲੀਅਨ ਪਰਤ ਗਏ। ਆਸਟ੍ਰੇਲੀਆ ਵੱਲੋਂ ਜੋਸ਼ ਹੇਜ਼ਲਵੁੱਡ ਦੋ ਵਿਕਟਾਂ ਲੈਕੇ ਸਭ ਤੋਂ ਸਫ਼ਲ ਰਹੇ। ਜਦਕਿ, ਮਿਸ਼ੇਲ ਸਟਾਰਕ ਤੇ ਨਾਥਨ ਲਿਓਨ ਨੇ ਇੱਕ-ਇੱਕ ਵਿਕਟ ਹਾਸਲ ਕੀਤਾ।

ਆਪਣੇ ਟੈਸਟ ਕਰੀਅਰ ਵਿੱਚ ਪੁਜਾਰਾ ਦਾ ਇਹ 18ਵਾਂ ਤੇ ਆਸਟ੍ਰੇਲੀਆ ਖ਼ਿਲਾਫ਼ ਪੰਜਵਾਂ ਟੈਸਟ ਸੈਂਕੜਾ ਲਾਇਆ ਹੈ। ਇਸ ਲੜੀ ਵਿੱਚ ਉਨ੍ਹਾਂ ਐਡੀਲੇਡ ਤੇ ਮੈਲਬਰਨ ਟੈਸਟ ਤੋਂ ਬਾਅਦ ਸਿਡਨੀ ਟੈਸਟ ਵਿੱਚ ਤੀਜੀ ਸੈਂਚੁਰੀ ਲਾਈ ਹੈ। ਇਹ ਭਾਰਤੀ ਟੀਮ ਲਈ ਸ਼ੁਭ ਸੰਕੇਤ ਵੀ ਹੈ, ਕਿਉਂਕਿ ਜਿਸ ਜਿਸ ਟੈਸਟ ਮੈਚ ਵਿੱਚ ਪੁਜਾਰਾ ਨੇ ਸੈਂਕੜਾ ਬਣਾਇਆ ਹੈ, ਉਹ ਮੈਚ ਜਿੱਤਿਆ ਵੀ ਹੈ। ਅੱਜ ਦੇ ਮੈਚ ਦੌਰਾਨ ਪੁਜਾਰਾ ਨੇ ਆਪਣਾ ਅਰਧ ਸੈਂਕੜਾ ਤੇ ਸੈਂਕੜਾ ਚੌਕੇ ਮਾਰ ਕੇ ਪੂਰੇ ਕੀਤੇ।