ਨਵੀਂ ਦਿੱਲੀ: ਦਿੱਲੀ ਦਾ ਚੋਣ ਮੈਦਾਨ ਭਖ ਗਿਆ ਹੈ। ਇਸ ਵਾਰ ਵੀ ਆਮ ਆਦਮੀ ਪਾਰਟੀ ਵਿਰੋਧੀ ਬੀਜੇਪੀ ਤੇ ਕਾਂਗਰਸ 'ਤੇ ਭਾਰੂ ਜਾਪ ਰਹੀ ਹੈ। ਆਮ ਆਦਮੀ ਪਾਰਟੀ (ਆਪ) ਨੇ ਸਾਰੇ 70 ਹਲਕਿਆਂ ਲਈ ਉਮੀਦਵਾਰ ਐਲਾਨ ਕੇ ਬਾਜ਼ੀ ਮਾਰ ਲਈ ਹੈ। ਇਸ ਦੇ ਨਾਲ ਹੀ ਹੁਣ ਤੱਕ ਆਏ ਚੋਣ ਸਰਵੇਖਣਾਂ ਵਿੱਚ ਵੀ ਆਮ ਆਦਮੀ ਪਾਰਟੀ ਦੀ ਝੰਡੀ ਹੈ। ਇਸ ਕਰਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਾਫੀ ਉਤਸ਼ਾਹ ਵਿੱਚ ਹਨ।


ਬੀਜੇਪੀ ਤੇ ਕਾਂਗਰਸ ਦੋਵੇਂ ਪਾਰਟੀਆਂ ਅਜੇ ਆਪਣੇ ਉਮੀਦਵਾਰ ਤੈਅ ਨਹੀਂ ਕਰ ਪਾਈਆਂ ਪਰ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਵਿਧਾਨ ਸਭਾ ਦੇ ਚੋਣ ਮੈਦਾਨ ਵਿੱਚ ਤੀਜੀ ਵਾਰ ਨਿੱਤਰਦਿਆਂ ਸਾਰੇ 70 ਹਲਕਿਆਂ ਲਈ ਉਮੀਦਵਾਰ ਐਲਾਨ ਦਿੱਤੇ ਹਨ। ਟਿਕਟਾਂ ਦੇ ਐਲਾਨ ਮਗਰੋਂ ਕੇਜਰੀਵਾਲ ਨੇ ਟਵੀਟ ਕੀਤਾ, ‘ਸਾਰਿਆਂ ਨੂੰ ਸ਼ੁੱਭਕਾਮਨਾਵਾਂ। ਸੰਤੁਸ਼ਟ ਨਾ ਹੋਵੋ। ਸਖ਼ਤ ਮਿਹਨਤ ਕਰੋ। ਲੋਕਾਂ ਨੂੰ ‘ਆਪ’ ਤੇ ਤੁਹਾਡੇ ’ਤੇ ਬਹੁਤ ਵਿਸ਼ਵਾਸ ਹੈ। ਵਾਹਿਗੁਰੂ ਮਿਹਰ ਕਰੇ।’

ਇਸ ਵਾਰ ਦੋ ਸਿੱਖ ਵਿਧਾਇਕਾਂ ਅਵਤਾਰ ਸਿੰਘ ਕਾਲਕਾ ਤੇ ਜਗਦੀਪ ਸਿੰਘ ਦੀਆਂ ਟਿਕਟਾਂ ਕੱਟ ਦਿੱਤੀਆਂ ਗਈਆਂ ਹਨ ਜਦੋਂਕਿ ਸਿੱਖ ਉਮੀਦਵਾਰ ਪ੍ਰਹਿਲਾਦ ਸਿੰਘ ਸਾਹਨੀ (ਕਾਂਗਰਸ ’ਚੋਂ ਆਏ) ਨੂੰ ਅਲਕਾ ਲਾਂਬਾ ਵਾਲੇ ਚਾਂਦਨੀ ਚੌਕ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ। ਹਰੀਨਗਰ ਤੋਂ ਰਾਜਕੁਮਾਰੀ ਢਿੱਲੋਂ ਨੂੰ ਜਗਦੀਪ ਸਿੰਘ ਦੀ ਥਾਂ ਟਿਕਟ ਦਿੱਤੀ ਗਈ ਹੈ। ਆਤਿਸ਼ੀ ਨੂੰ ਅਵਤਾਰ ਸਿੰਘ ਕਾਲਕਾ ਦੀ ਸੀਟ ਤੋਂ ਟਿਕਟ ਦਿੱਤੀ ਗਈ ਹੈ। ਤਿਲਕ ਨਗਰ ਤੋਂ ਜਰਨੈਲ ਸਿੰਘ ਨੂੰ ਮੁੜ ਟਿਕਟ ਦਿੱਤੀ ਗਈ ਹੈ।

‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪੜਪੜਗੰਜ ਦੇ ਪਹਿਲਾਂ ਦੇ ਹਲਕਿਆਂ ਤੋਂ ਚੋਣ ਲੜਨਗੇ। ਲੋਕ ਸਭਾ ਚੋਣਾਂ 2019 ਦੌਰਾਨ ਨਾਕਾਮ ਰਹੇ ਦਿਲੀਪ ਪਾਂਡੇ ਨੂੰ ਤਿਮਾਰਪੁਰ ਤੇ ਰਾਘਵ ਚੱਢਾ ਨੂੰ ਰਾਜਿੰਦਰ ਨਗਰ ਤੋਂ ਅਜ਼ਮਾਇਆ ਜਾਵੇਗਾ। ਪਿਛਲੇ ਵਾਰ ਛੇ ਔਰਤਾਂ ਨੂੰ ਟਿਕਟ ਦਿੱਤੀ ਗਈ ਸੀ ਜਦੋਂਕਿ ਇਸ ਵਾਰ 8 ਔਰਤਾਂ ਨੂੰ ‘ਆਪ’ ਨੇ ਟਿਕਟ ਦਿੱਤੀ ਹੈ। ਦਿਲੀਪ ਪਾਂਡੇ ਨੂੰ ਤਿਮਾਰਪੁਰ ਤੋਂ ਮੌਜੂਦਾ ਵਿਧਾਇਕ ਪੰਕਜ ਪੁਸ਼ਕਰ ਦੀ ਟਿਕਟ ਕੱਟ ਕੇ ਉਮੀਦਵਾਰ ਬਣਾਇਆ ਗਿਆ।