ਨਵੀਂ ਦਿੱਲੀ: ਬੀਜੇਪੀ ਦੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ 24 ਅਗਸਤ ਨੂੰ ਆਮਦਨ ਕਰ ਖ਼ਤਮ ਕਰਨ, ਐਫਡੀ ‘ਤੇ ਵਿਆਜ਼ ਦਰ ਵਧਾਉਣ ਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕਰਜ਼ੇ ‘ਤੇ ਘੱਟ ਵਿਆਜ਼ ਦੀ ਸਲਾਹ ਦਿੱਤੀ ਹੈ।

ਸਵਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਮੁੱਖ ਗੱਲ ਹੈ ਕਿ ਆਮਦਨ ਟੈਕਸ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਐਫਡੀ ‘ਤੇ ਵਿਆਜ਼ ਦਰ ਨੌਂ ਫੀਸਦ ਤਕ ਕੀਤਾ ਜਾਣਾ ਚਾਹੀਦਾ ਹੈ। ਕਰਜ਼ੇ ਲਈ ਵਿਆਜ਼ ਦਰ ਨੂੰ ਵੀ ਨੌਂ ਫੀਸਦ ‘ਤੇ ਲਿਆਂਦਾ ਜਾਣਾ ਚਾਹੀਦਾ ਹੈ। ਜੇਕਰ ਇਹ ਤਿੰਨ ਕਦਮ ਚੁੱਕੇ ਜਾਂਦੇ ਹਨ ਤਾਂ ਕਈ ਚੀਜ਼ਾਂ ‘ਚ ਸੁਧਾਰ ਹੋਵੇਗਾ।

ਉਨ੍ਹਾਂ ਕਿਹਾ ਕਿ ਉਹ ਅਗਲੇ ਮਹੀਨੇ ਇੱਕ ਕਿਤਾਬ ਲੈ ਕੇ ਆ ਰਹੇ ਹਨ, ਜਿਸ ਨਾਲ ਆਰਥਿਕ ਵਿਕਾਸ ਨੂੰ ਵਧਾਉਣ ਲਈ ਸੁਝਾਅ ਦਿੱਤੇ ਗਏ ਹਨ। ਸਵਾਮੀ ਨੇ ਅੱਗੇ ਕਿਹਾ, “ਆਰਥਿਕਤਾ ਲਈ ਵਧੇਰੇ ਕੁਝ ਕਰਨ ਦੀ ਲੋੜ ਹੈ। ਮੇਰੀ ਕਿਤਾਬ 5 ਸਤੰਬਰ ਨੂੰ ਆ ਰਹੀ ਹੈ, ਜਿਸ ‘ਚ ਮੈਂ ਦੱਸਿਆ ਹੈ ਕਿ ਕੀ ਕੁਝ ਕਰਨ ਦੀ ਲੋੜ ਹੈ।” ਸਵਾਮੀ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਹੈ ਜਦੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਉਹ ਵਿਕਾਸ ਨੂੰ ਮੁੜ ਠੀਕ ਕਰਨ ਲਈ ਉਚੇਚੇ ਕਦਮ ਚੁੱਕਣਗੇ।

ਖਪਤ ਨੂੰ ਹੁਲਾਰਾ ਦੇਣ ਲਈ ਸਰਕਾਰ ਨੇ ਬੈਂਕਾਂ ਨੂੰ ਵਿਆਜ਼ ਦਰ ‘ਚ ਕਮੀ, ਘਰਾਂ ਤੇ ਆਟੋ ਲੋਨ ਦੀ ਘੱਟ ਈਐਮਆਈ ਲਈ ਕਿਹਾ ਹੈ।