ਨਵੀਂ ਦਿੱਲੀ: ਜੀ-7 ਸਿਖਰ ਸੰਮੇਲਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਫਰਾਂਸ ਪੁੱਜੇ ਹਨ। ਉਹ ਇੱਥੇ ਵਿਸ਼ਵ ਦੇ ਕਈ ਨੇਤਾਵਾਂ ਨਾਲ ਮੁਲਾਕਾਤ ਕਰਨਗੇ, ਜਿਨ੍ਹਾਂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬੈਠਕ ਵੀ ਸ਼ਾਮਲ ਹੈ। ਇਸ ਦੌਰਾਨ ਦੋਵਾਂ ਦਰਮਿਆਨ ਕਸ਼ਮੀਰ ਮੁੱਦੇ 'ਤੇ ਚਰਚਾ ਹੋਵੇਗੀ।


ਭਾਰਤ ਜੀ-7 ਸਮੂਹ ਦਾ ਮੈਂਬਰ ਨਹੀਂ ਹੈ ਅਤੇ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਦੇ ਨਿੱਜੀ ਸੱਦੇ ’ਤੇ ਵਿਸ਼ੇਸ਼ ਇਨਵਾਇਟੀ ਵਜੋਂ ਜੀ-7 ਸਿਖਰ ਵਾਰਤਾ ਵਿੱਚ ਸ਼ਾਮਲ ਹੋਣ ਲਈ ਆਏ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਫਰਾਂਸੀਸੀ ਸਦਰ ਦਾ ਸੱਦਾ ਦੋਵਾਂ ਆਗੂਆਂ (ਮੌਕਰੌਂ ਤੇ ਮੋਦੀ) ਦਰਮਿਆਨ ‘ਨਿੱਜੀ ਗੂੜ੍ਹਤਾ ਦਾ ਪਰਛਾਵਾਂ’ ਹੋਣ ਦੇ ਨਾਲ ‘ਭਾਰਤ ਨੂੰ ਅਹਿਮ ਆਰਥਿਕ ਤਾਕਤ ਵਜੋਂ ਮਿਲੀ ਪਛਾਣ’ ਨੂੰ ਮਾਨਤਾ ਦਿੰਦਾ ਹੈ।

ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤੋਟੀਓ ਗੁਟੇਰੇਜ਼ ਨਾਲ ਮੁਲਾਕਾਤ ਕਰਕੇ ਦੁਵੱਲੇ ਸਬੰਧਾਂ ’ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨਾਲ ਮੁਲਾਕਾਤ ਵੀ ਕੀਤੀ ਤੇ ਦੋਵਾਂ ਨੇ ਦੁਵੱਲੇ ਸਹਿਯੋਗ ਨੂੰ ਉਤਸ਼ਾਹਤ ਕਰਨ 'ਤੇ ਚਰਚਾ ਕੀਤੀ।