ਨਵੀਂ ਦਿੱਲੀ: ਸਾਲ 2019 ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਵਾਰ ਕਾਂਗਰਸ ਤੇ ਭਾਜਪਾ ਦਰਮਿਆਨ ਕਰੜੀ ਟੱਕਰ ਦੇਖਣ ਨੂੰ ਮਿਲੇਗੀ। ਦੇਸ਼ ਦੀਆਂ 543 ਸੀਟਾਂ 'ਤੇ ਕਿਹੜੀ ਪਾਰਟੀ ਦਾ ਕਬਜ਼ਾ ਰਹੇਗਾ ਤੇ ਕੌਣ ਸਰਕਾਰ ਬਣਾਵੇਗੀ, ਉਸ ਨੂੰ ਜਾਣਨ ਲਈ 'ਏਬੀਪੀ ਨਿਊਜ਼' ਨੇ ਸਰਵੇਖਣ ਕਰਵਾਇਆ ਹੈ।
ਸਰਵੇਖਣ ਮੁਤਾਬਕ ਆਉਂਦੀਆਂ ਲੋਕ ਸਭਾ ਦੀਆਂ 543 ਸੀਟਾਂ ਵਿੱਚੋਂ ਐਨਡੀਏ ਨੂੰ 276, ਯੂਪੀਏ ਨੂੰ 112 ਤੇ ਹੋਰਾਂ ਨੂੰ 155 ਸੀਟਾਂ ਮਿਲਦੀਆਂ ਹਨ। ਸਾਲ 2014 ਦੀਆਂ ਆਮ ਚੋਣਾਂ ਵਿੱਚ ਐਨਡੀਏ ਦਾ ਵੋਟ ਸ਼ੇਅਰ 40 ਫ਼ੀਸਦੀ ਜਦਕਿ ਯੂਪੀਏ ਦਾ 24 ਫ਼ੀਸਦੀ ਵੋਟ ਸ਼ੇਅਰ ਸੀ ਪਰ ਇਸ ਵਾਰ ਦੀਆਂ ਚੋਣਾਂ ਵਿੱਚ ਐਨਡੀਏ ਨੂੰ ਦੋ ਫ਼ੀਸਦ ਦਾ ਘਾਟਾ ਪੈ ਸਕਦਾ ਹੈ ਤੇ ਯੂਪੀਏ ਦਾ ਵੋਟ ਸ਼ੇਅਰ ਇੱਕ ਫ਼ੀਸਦ ਦਾ ਫਾਇਦਾ ਹੋਣ ਦੀ ਸੰਭਾਵਨਾ ਹੈ।
'ਏਬੀਪੀ ਨਿਊਜ਼' ਤੇ ਸੀ-ਵੋਟਰ ਦੇ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਲੋਕ ਬੀਜੇਪੀ ਦੀ ਸ਼ਮੂਲੀਅਤ ਵਾਲੇ ਗਠਜੋੜ ਐਨਡੀਏ ਨੂੰ ਸਿਰਫ਼ ਇੱਕ ਸੀਟ ਮਿਲਣ ਦੀ ਭਵਿੱਖਬਾਣੀ ਹੈ। ਬਾਕੀ 12 ਸੀਟਾਂ ਉੱਪਰ ਕਾਂਗਰਸ ਦੀ ਹਿੱਸੇਦਾਰੀ ਵਾਲੀ ਯੂਪੀਏ ਨੂੰ 12 ਸੀਟਾਂ ਮਿਲਣ ਦੀ ਆਸ ਹੈ। ਉੱਧਰ ਦੇਸ਼ ਦੀ ਰਾਜਦਾਨੀ ਨਵੀਂ ਦਿੱਲੀ ਵਿੱਚ ਹਾਲਤ ਦੇਸ਼ ਦੇ ਬਾਕੀ ਸੂਬਿਆਂ ਵਾਂਗ ਐਨਡੀਏ ਪੱਖੀ ਹੀ ਹਨ। ਇੱਥੇ ਆਮ ਆਦਮੀ ਪਾਰਟੀ ਨੂੰ ਜ਼ਬਰਦਸਤ ਝਟਕਾ ਲੱਗਣ ਵਾਲਾ ਹੈ।