ਨਵੀਂ ਦਿੱਲੀ: ਭਾਰਤ-ਰੂਸ ਵਿਚਾਲੇ 39 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਪੰਜ S-400 ਏਅਰ ਮਿਸਾਈਲ ਸਿਸਟਮ ਡੀਲ ’ਤੇ ਹਸਤਾਖ਼ਰ ਹੋ ਗਏ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਦੋਪੱਖੀ ਵਾਰਤਾ ਬਾਅਦ ਸਮਝੌਤੇ ’ਤੇ ਹਸਤਾਖ਼ਰ ਕੀਤੇ ਗਏ। ਦੋਵਾਂ ਲੀਡਰਾਂ ਵਿਚਾਲੇ ਖੇਤਰੀ ਤੇ ਆਲਮੀ ਮੁੱਦਿਆਂ 'ਤੇ ਚਰਚਾ ਹੋਈ। ਇਹ ਸਮਝੌਤਾ ਭਾਰਤੀ ਹਵਾਈ ਰੱਖਿਆ ਲਈ ਬੇਹੱਦ ਕਾਰਗਰ ਸਾਬਤ ਹੋਏਗਾ, ਇਸ ਨਾਲ ਫੌਜ ਨੂੰ ਹੋਰ ਬਲ ਮਿਲੇਗਾ।
ਬ੍ਰਹਿਮੰਡ ’ਚ ਵੀ ਮਿਲੇਗਾ ਸਹਿਯੋਗ
S-400 ਮਿਸਾਈਲ ਡਿਫੈਂਸ ਸਿਸਟਮ ਤੋਂ ਇਲਾਵਾ ਭਾਰਤ ਤੇ ਰੂਸ ਵਿਚਾਲੇ ਬ੍ਰਹਿਮੰਡ ਵਿੱਚ ਵੀ ਸਹਿਯੋਗ ਦੇਣ ਸਬੰਧੀ ਸਮਝੌਤਾ ਹੋਇਆ ਹੈ। ਇਸ ਤਹਿਤ ਰੂਸ ਦੇ ਸਾਇਬੇਰਿਆਈ ਸ਼ਹਿਰ ਨੋਵੋਸਿਬਿਸਰਕ ਕੋਲ ਭਾਰਤੀ ਸਟੇਸ਼ਨ ਬਣਾਇਆ ਜਾਏਗਾ। ਇਸ ਦੇ ਸਹਾਰੇ ਨਿਗਰਾਨੀ ਦਾ ਕੰਮ ਕੀਤਾ ਜਾਏਗਾ।
ਅਮਰੀਕਾ ਨੇ ਦਿੱਤੀ ਸੀ ਚੇਤਾਵਨੀ
ਇਸ ਖਰੀਦ ਸਬੰਧੀ ਪਹਿਲਾਂ ਅਮਰੀਕਾ ਨੇ ਸਹਿਯੋਗੀ ਦੇਸ਼ਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ। ਅਮਰੀਕਾ ਨੇ ਰੂਸ ਕੋਲੋਂ ਕਿਸੇ ਤਰ੍ਹਾਂ ਦੇ ਹਥਿਆਰਾਂ ਦੀ ਖਰੀਦ ਕਰਨ ਤੋਂ ਮਨ੍ਹਾ ਕੀਤਾ ਹੈ। ਅਮਰੀਕਾ ਨੇ ਕਿਹਾ ਸੀ ਕਿ ਜੇ ਭਾਰਤ ਨੇ ਰੂਸ ਕੋਲੋਂ ਕਿਸੇ ਵੀ ਤਰ੍ਹਾਂ ਦੇ ਹਥਿਆਰ ਖਰੀਦੇ ਤਾਂ ਅਮਰੀਕਾ ਰੂਸ ਵਾਂਗ ਭਾਰਤ ’ਤੇ ਵੀ ਪੰਬਾਧੀ ਲਾ ਸਕਦਾ ਹੈ। ਅਮਰੀਕਾ ਨੇ ਇਹ ਬਿਆਨ ਰੂਸੀ ਰਾਸ਼ਟਪਰਤੀ ਪੁਤਿਨ ਦੇ ਭਾਰਤ ਪਹੁੰਚਣ ਤੋਂ ਇੱਕ ਦਿਨ ਪਹਿਲਾਂ ਜਾਰੀ ਕੀਤਾ ਸੀ।
ਭਾਰਤ-ਰੂਸ ਸਮਝੌਤੇ ਤੋਂ ਅਮਰੀਕਾ ਨੂੰ ਸਮੱਸਿਆ ਕਿਉਂ?
ਅਮਰੀਕਾ ਨੇ ਆਪਣੇ ਦੁਸ਼ਮਣਾਂ ’ਤੇ ਲਗਾਮ ਕੱਸਣ ਲਈ ‘ਕਾਊਂਟਰਿੰਗ ਅਮੈਰੀਕਾਜ਼ ਐਡਵਰਸਰੀ ਥਰੂ ਸੈਂਕਸ਼ਨਜ ਐਕਟ (CAATSA-ਕਾਟਸਾ)’ ਪਾਸ ਕੀਤਾ ਹੈ। ਇਸ ਕਾਨੂੰਨ ਤਹਿਤ ਅਮਰੀਕਾ ਅਜਿਹੇ ਕਿਸੇ ਵੀ ਦੇਸ਼ ’ਤੇ ਪ੍ਰਤੀਬੰਧ ਲਾਉਣ ਨੂੰ ਤਿਆਰ ਤੇ ਸਮਰਥ ਹੈ ਜੋ ਰੂਸ, ਇਰਾਨ ਤੇ ਉੱਤਰੀ ਕੋਰੀਆ ਵਰਗੇ ਦੇਸ਼ਾਂ ਨਾਲ ਵਪਾਰ ਨੂੰ ਬੜਾਵਾ ਦਿੰਦੇ ਹਨ।
ਅਮਰੀਕਾ ਨੇ ਭਾਰਤ ਸਣੇ ਆਪਣੇ ਸਾਰੇ ਮਿੱਤਰ ਤੇ ਸਹਿਯੋਗੀ ਮੁਲਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਰੂਸ ਨਾਲ ਅਜਿਹਾ ਕੋਈ ਸਮਝੌਤਾ ਨਾ ਕਰਨ ਜੋ ਅਮਰੀਕਾ ਦੇ ਘਰੇਲੂ ਕਾਨੂੰਨ ਕਾਟਸਾ ਦੀ ਉਲੰਘਣਾ ਕਰਦੇ ਹੋਣ।